ਸਰਬਜੀਤ ਸਿੰਘ ਭੱਟੀ
ਲਾਲੜੂ, 27 ਜੁਲਾਈ
ਜੋਲਾ ਖੁਰਦ ਤੇ ਬਸੋਲੀ ਕੋਲੋਂ ਲੰਘਦੇ ਬਰਸਾਤੀ ਚੋਅ ਵਿੱਚ ਮੀਟ ਪਲਾਂਟ ਅਤੇ ਕੈਮੀਕਲ ਫੈਕਟਰੀਆਂ ਵੱਲੋਂ ਦੂਸ਼ਿਤ ਪਾਣੀ ਛੱਡਣ ਕਾਰਨ ਇਲਾਕੇ ਦੇ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਖਰਾਬ ਹੋ ਰਹੀ ਹੈ, ਜਿਸ ਨੂੰ ਲੈ ਕੇ ਅੱਜ ਲੋਕਾਂ ਨੇ ਰੋਸ ਪ੍ਰਦਰਸਨ ਕੀਤਾ ਤੇ ਬਰਸਾਤੀ ਚੋਅ ਵਿੱਚ ਦੂਸ਼ਿਤ ਪਾਣੀ ਛੱਡੇ ਜਾਣ ’ਤੇ ਰੋਕ ਲਾਏ ਜਾਣ ਦੀ ਮੰਗ ਕੀਤੀ। ਡਿਪਟੀ ਕਮਿਸਨਰ ਮੁਹਾਲੀ ਨੂੰ ਲਿਖੇ ਪੱਤਰ ਵਿੱਚ ਸਰਪੰਚ ਬਲਿੰਦਰ ਸਿੰਘ ਬਸੋਲੀ, ਹਰਭਜਨ ਸਿੰਘ ਬਸੋਲੀ, ਮੈਂਬਰ ਸ਼੍ਰੋਮਣੀ ਕਮੇਟੀ ਨਿਰਮੈਲ ਸਿੰਘ ਜੋਲਾ, ਨਰਿੰਦਰ ਸਿੰਘ ਕਸੌਲੀ, ਸਾਬਕਾ ਸਰਪੰਚ ਹਰਵਿੰਦਰ ਸਿੰਘ ਕਸੌਲੀ, ਨੈਬ ਸਿੰਘ, ਸਰਦੂਲ ਸਿੰਘ, ਬਲਿਹਾਰ ਸਿੰਘ, ਕਾਕਾ ਸਿੰਘ, ਸੁਖਵਿੰਦਰ ਸਿਘ, ਰਾਜੇਸ਼ ਕੁਮਾਰ, ਰਹਿਮਤ ਅਲੀ, ਨਰਿੰਦਰ ਸਿੰਘ ਸਮੇਤ ਇਲਾਕਾ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡਾਂ ਨੇੜਿਓ ਲੰਘਦੇ ਬਰਸਾਤੀ ਚੋਅ ਵਿੱਚ ਮੀਟ ਪਲਾਂਟ, ਕੈਮੀਕਲ ਦੀਆਂ ਫੈਕਟਰੀਆਂ ਵੱਲੋਂ ਦੂਸ਼ਿਤ ਤੇ ਖੂਨ ਵਰਗਾ ਲਾਲ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਇਲਾਕੇ ਵਿੱਚ ਗੰਦੀ ਬਦਬੂ ਫੈਲ ਰਹੀ ਹੈ ਅਤੇ ਮਹਾਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਦੂਸ਼ਿਤ ਪਾਣੀ ਕਾਰਨ ਸੈਂਕੜੇ ਏਕੜ ਰਕਬੇ ਵਿੱਚ ਖੜੀ ਝੋਨੇ ਦੀ ਫ਼ਸਲ ਵੀ ਖਰਾਬ ਹੋ ਗਈ ਹੈ, ਇਸ ਤੋਂ ਇਲਾਵਾ ਪਸ਼ੂ ਧਨ ਵੀ ਬਿਮਾਰ ਹੋ ਰਿਹਾ ਹੈ, ਜਿਸ ਨੂੰ ਲੈ ਕੇ ਇਲਾਕਾ ਵਾਸੀਆਂ ਨੇ ਸਖ਼ਤ ਰੋਸ ਪ੍ਰਗਟ ਕਰਦੇ ਹੋਏ ਪੰਜਾਬ ਸਰਕਾਰ ਤੋਂ ਕੈਮੀਕਲ ਫੈਕਟਰੀਆਂ ਤੇ ਮੀਟ ਪਲਾਂਟ ਦੇ ਪ੍ਰਬੰਧਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਪਿੰਡ ਜੋਲਾ ਖੁਰਦ ਵਿੱਚ ਲੱਗੇ ਮੀਰਾ ਐਕਸਪੋਰਟ ਮੀਟ ਪਲਾਂਟ ਦੇ ਪ੍ਰਬੰਧਕ ਹਾਫ਼ਿਜ ਮੀਆਂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਮੀਟ ਪਲਾਂਟ ਦੀ ਕੋਈ ਵੀ ਗੰਦਗੀ ਬਰਸਾਤੀ ਚੋਅ ਵਿੱਚ ਨਹੀਂ ਜਾਂਦੀ, ਫਿਰ ਵੀ ਮਾਮਲਾ ਵੇਖਣ ਤੋਂ ਬਾਅਦ ਸੁਧਾਰ ਕੀਤਾ ਜਾਵੇਗਾ।
ਐੱਸ.ਡੀ.ਐੱਮ. ਡੇਰਾਬਸੀ ਕੁਲਦੀਪ ਬਾਵਾ ਨੇ ਕਿਹਾ ਕਿ ਅਜੇ ਤੱਕ ਇਸ ਮਾਮਲੇ ਦੇ ਸਬੰਧ ਵਿੱਚ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ। ਫਿਰ ਵੀ ਮਾਮਲਾ ਚੈੱਕ ਕਰਵਾ ਕੇ ਯੋਗ ਕਾਰਵਾਈ ਕੀਤੀ ਜਾਵੇਗੀ।