ਜਗਮੋਹਨ ਸਿੰਘ
ਘਨੌਲੀ, 5 ਮਾਰਚ
ਇਲਾਕੇ ਦੇ ਲੋਕਾਂ ਨੂੰ ਥਰਮਲ ਪਲਾਂਟ ਰੂਪਨਗਰ ਅਤੇ ਅੰਬੂਜਾ ਸੀਮਿੰਟ ਫੈਕਟਰੀ ਦੇ ਪ੍ਰਦੂਸ਼ਣ ਤੋਂ ਨਿਜ਼ਾਤ ਦਿਵਾਉਣ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਵਾਤਾਵਰਨ ਪ੍ਰੇਮੀ ਰਾਜਿੰਦਰ ਸਿੰਘ ਘਨੌਲਾ ਦੀ ਅਗਵਾਈ ਹੇਠ ਅੱਜ ਪਿੰਡ ਦਬੁਰਜੀ ਵਿੱਚ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿਚ ਜਿੱਥੇ ਵੱਡੀ ਗਿਣਤੀ ਪ੍ਰਦੂਸ਼ਣ ਪ੍ਰਭਾਵਿਤ ਪਿੰਡਾਂ ਦੇ ਲੋਕ ਹੁੰਮ-ਹੁਮਾ ਕੇ ਪੁੱਜੇ, ਉੱਥੇ ਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਮੰਚ ’ਤੇ ਇਕੱਠੇ ਹੋ ਕੇ ਪ੍ਰਦੂਸ਼ਣ ਖ਼ਿਲਾਫ਼ ਵਿੱਢੇ ਗਏ ਸੰਘਰਸ਼ ਵਿੱਚ ਡੱਟ ਕੇ ਸਾਥ ਦੇਣ ਦਾ ਐਲਾਨ ਕੀਤਾ।
ਰੋਸ ਧਰਨੇ ਨੂੰ ਰਾਜਿੰਦਰ ਸਿੰਘ ਘਨੌਲਾ, ‘ਆਪ’ ਉਮੀਦਵਾਰ ਦਿਨੇਸ਼ ਚੱਢਾ, ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਦਵਿੰਦਰ ਸਿੰਘ ਬਾਜਵਾ, ‘ਆਪ’ ਆਗੂਆਂ ਨੰਬਰਦਾਰ ਪਰਮਿੰਦਰ ਸਿੰਘ ਚੰਦਪੁਰ, ਕੁਲਦੀਪ ਸਿੰਘ ਜੇ.ਈ., ਹਰਵਿੰਦਰ ਕੌਰ ਕੋਟਬਾਲਾ, ਅਕਾਲੀ ਆਗੂ ਮਨਜੀਤ ਸਿੰਘ ਘਨੌਲੀ, ਕੁਲਵੰਤ ਸਿੰਘ ਸਰਾੜੀ, ਕਿਸਾਨ ਆਗੂ ਰੁਪਿੰਦਰ ਸਿੰਘ ਖੁਆਸਪੁਰਾ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਦੋਵੇਂ ਅਦਾਰਿਆਂ ਵੱਲੋਂ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਨਿਯਮਾਂ ਦੀਆਂ ਜਮ ਕੇ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਪਰ ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਉਨ੍ਹਾਂ ਕਿਹਾ ਕਿ ਅੰਬੂਜਾ ਫੈਕਟਰੀ ਵੱਲੋਂ ਜਨਤਕ ਸੁਣਵਾਈ ਤੋਂ ਬਿਨਾ ਹੀ ਪਲਾਂਟ ਦੀ ਸਮਰੱਥਾ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਲੋੜੀਂਦੀ ਉਸਾਰੀ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫੈਕਟਰੀ ਨੇ ਨਿਯਮਾਂ ਮੁਤਾਬਕ ਲੋੜੀਂਦੇ ਰੁੱਖ ਵੀ ਫੈਕਟਰੀ ਦੇ ਚੌਗਿਰਦੇ ਵਿੱਚ ਨਹੀਂ ਲਗਾਏ। ਬੁਲਾਰਿਆਂ ਨੇ ਥਰਮਲ ਪਲਾਂਟ ਵਿਰੁੱਧ ਆਪਣੀ ਭੜਾਸ ਕੱਢਦਿਆਂ ਕਿਹਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮਾਂ ਅਨੁਸਾਰ ਪਲਾਂਟ ਦੇ ਐਸ਼ ਡਾਇਕਾਂ (ਸੁਆਹ ਵਾਲੀਆਂ ਝੀਲਾਂ) ਵਿੱਚੋਂ ਸੁਆਹ ਚੁੱਕਣੀ ਜਾਇਜ਼ ਨਹੀਂ ਹੈ, ਬਲਕਿ ਐਸ਼ ਡਾਇਕਾਂ ’ਤੇ ਜੰਗਲ ਲਗਾਉਣਾ ਬਣਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਥਰਮਲ ਪਲਾਂਟ ਦੀਆਂ ਐਸ਼ ਡਾਇਕਾਂ ਵਿੱਚੋਂ ਖੁੱਲ੍ਹੀ ਬਾਡੀ ਵਾਲੇ ਟਿੱਪਰਾਂ ਰਾਹੀਂ ਸੁਆਹ ਢੋਣ ਦਾ ਕੰਮ ਧੜੱਲੇ ਨਾਲ ਕੀਤਾ ਜਾ ਰਿਹਾ ਹੈ ਅਤੇ ਇੱਥੇ ਰੁੱਖ ਲਗਾਉਣ ਦੀ ਬਜਾਇ ਆਪਣੇ-ਆਪ ਉੱਗੇ ਰੁੱਖਾਂ ਨੂੰ ਵੀ ਸੁਆਹ ਚੁੱਕਣ ਵਾਲੇ ਮਾਫੀਏ ਵੱਲੋਂ ਜੜ੍ਹਾਂ ਤੋਂ ਹੀ ਪੁੱਟਿਆ ਜਾ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਵਾਤਾਵਰਨ ਪ੍ਰੇਮੀ ਰਾਜਿੰਦਰ ਸਿੰਘ ਘਨੌਲਾ ਦੀ ਟੀਮ ਵੱਲੋਂ ਡਿਪਟੀ ਕਮਿਸ਼ਨਰ ਤੋਂ ਲੈ ਕੇ ਕੌਮੀ ਗਰੀਨ ਟ੍ਰਿਬਿਊਨਲ ਤੱਕ ਵੀ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ, ਪਰ ਸ਼ਿਕਾਇਤਾਂ ’ਤੇ ਕਾਰਵਾਈ ਤਾਂ ਦੂਰ ਦੀ ਗੱਲ ਹਾਲੇ ਤੱਕ ਉਨ੍ਹਾਂ ਨੂੰ ਕਿਸੇ ਵੀ ਮਹਿਕਮੇ ਦੇ ਅਧਿਕਾਰੀ ਵੱਲੋਂ ਸਹੀ ਤਰੀਕੇ ਨਾਲ ਮੀਟਿੰਗ ਲਈ ਸਮਾਂ ਵੀ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ 4 ਅਪਰੈਲ ਨੂੰ ਅੰਬੂਜਾ ਫੈਕਟਰੀ ਵਿੱਚ ਸਮਰੱਥਾ ਵਧਾਉਣ ਲਈ ਰੱਖੀ ਗਈ ਜਨਤਕ ਸੁਣਵਾਈ ਦੌਰਾਨ ਪ੍ਰਦੂਸ਼ਣ ਪ੍ਰਭਾਵਿਤ ਪਿੰਡਾਂ ਦੇ ਲੋਕ ਡੱਟ ਕੇ ਵਿਰੋਧ ਕਰਨਗੇ।
ਉੱਧਰ, ਇਸ ਸਬੰਧੀ ਅੰਬੂਜਾ ਫੈਕਟਰੀ ਦਬੁਰਜੀ ਦੇ ਯੂਨਿਟ ਹੈੱਡ ਸ਼ਸ਼ੀ ਭੂਸ਼ਣ ਮੁਖੀਜਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅੰਬੂਜਾ ਸੀਮਿੰਟ ਯੂਨਿਟ ਵਿੱਚ ਕੋਈ ਵੀ ਕੰਮ ਬਿਨਾ ਮਨਜ਼ੂਰੀ ਤੋਂ ਨਹੀਂ ਕੀਤਾ ਜਾ ਰਿਹਾ ਹੈ ।