ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 15 ਜੁਲਾਈ
ਮੁਹਾਲੀ ਦੀਆਂ ਮਾਰਕੀਟਾਂ ਅਤੇ ਪਾਰਕਾਂ ਵਿੱਚ ਸ਼ਹਿਰ ਵਾਸੀਆਂ ਦੀ ਸੁਵਿਧਾ ਲਈ ਬਣਾਏ ਗਏ ਜਨਤਕ ਪਖਾਨਿਆਂ ਵਿੱਚ ਕੰਮ ਕਰਨ ਵਾਲੇ ਸਫ਼ਾਈ ਕਾਮਿਆਂ ਨੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਜਨਤਕ ਪਖਾਨਿਆਂ ਨੂੰ ਤਾਲੇ ਲਗਾ ਕੇ ਰੋਸ ਮੁਜ਼ਾਹਰਾ ਕੀਤਾ ਜਿਸਦੀ ਅਗਵਾਈ ਸਵੱਛ ਭਾਰਤ ਏਕਤਾ ਸਮਿਤੀ ਸੰਗਠਨ ਦੇ ਪ੍ਰਧਾਨ ਰਿਸ਼ੀਰਾਜ ਮਹਾਰ ਨੇ ਕੀਤੀ।
ਸੰਸਥਾ ਦੇ ਜਨਰਲ ਸਕੱਤਰ ਅਜੀਤ ਸਿੰਘ ਨੇ ਦੱਸਿਆ ਕਿ ਸਫ਼ਾਈ ਕਾਮਿਆਂ ਵੱਲੋਂ ਆਪਣੀਆਂ ਜਾਇਜ਼ ਮੰਗਾਂ ਸਬੰਧੀ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਅਤੇ ਜ਼ਿਲ੍ਹਾ ਪੁਲੀਸ ਨੂੰ ਅਗਾਊਂ ਜਾਣਕਾਰੀ ਦਿੱਤੀ ਗਈ ਸੀ ਕਿ ਜੇਕਰ 15 ਜੁਲਾਈ ਤੱਕ ਸਫ਼ਾਈ ਕਾਮਿਆਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਜਨਤਕ ਪਖਾਨਿਆਂ ਨੂੰ ਤਾਲੇ ਲਗਾ ਕੇ ਹੜਤਾਲ ’ਤੇ ਚਲੇ ਜਾਣਗੇ। ਇਸ ਮੌਕੇ ਦੌਲਤ ਰਾਮ, ਜਵਾਲਾ ਸਿੰਘ, ਅਮਿੱਤ ਮਾਹਰ, ਬਬਲੂ, ਨਿਰੋਤਮ ਅਤੇ ਪਬਲਿਕ ਪਖਾਨਿਆਂ ਵਿੱਚ ਕੰਮ ਕਰਦੇ ਸਫ਼ਾਈ ਕਾਮੇ ਹਾਜ਼ਰ ਸਨ।