ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 25 ਮਈ
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਕਿਸਾਨ ਯੂਨੀਅਨ (ਲੱਖੋਵਾਲ), ਕਿਸਾਨ ਯੂਨੀਅਨ (ਚੜੂਨੀ), ਲੋਕ-ਹਿਤ ਮਿਸ਼ਨ ਅਤੇ ਹੋਰਨਾਂ ਜਥੇਬੰਦੀਆਂ ਦੇ ਸਾਂਝੇ ਬੈਨਰ ਹੇਠ ਇਲਾਕੇ ਦੇ ਕਿਸਾਨਾਂ ਨੇ ਅੱਜ ਇੱਥੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ। ਇੱਥੋਂ ਦੇ ਫੇਜ਼-9 ਸਥਿਤ ਭਾਜਪਾ ਦੇ ਉਮੀਦਵਾਰ ਸੁਭਾਸ਼ ਸ਼ਰਮਾ ਦੀ ਚੋਣ ਰੈਲੀ ਸੀ। ਇਸ ਦੀ ਭਿਣਕ ਪੈਣ ’ਤੇ ਕਿਸਾਨ ਕਿਸਾਨੀ ਅਤੇ ਕਾਲੇ ਝੰਡੇ ਲੈ ਕੇ ਪਹੁੰਚ ਗਏ। ਕਿਸਾਨਾਂ ਨੇ ਭਾਜਪਾ ਲੀਡਰਸ਼ਿਪ ਅਤੇ ਪ੍ਰਧਾਨ ਮੰਤਰੀ ’ਤੇ ਤਾਨਾਸ਼ਾਹੀ ਅਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਗਾਉਂਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੁਲੀਸ ਨੇ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਭਾਜਪਾ ਦੀ ਚੋਣ ਰੈਲੀ ਦੇ ਨੇੜੇ ਜਾਣ ਤੋਂ ਰੋਕੀ ਰੱਖਿਆ। ਇਸ ਮੌਕੇ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ, ਜਨਰਲ ਸਕੱਤਰ ਲਖਵਿੰਦਰ ਸਿੰਘ ਕਰਾਲਾ, ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਮੁਹਾਲੀ ਦੇ ਜਨਰਲ ਸਕੱਤਰ ਜਸਪਾਲ ਸਿੰਘ ਨਿਆਮੀਆਂ, ਕਿਸਾਨ ਯੂਨੀਅਨ (ਏਕਤਾ-ਡਕੌਂਡਾ) ਦੇ ਪ੍ਰੈਸ ਸਕੱਤਰ ਅੰਗਰੇਜ਼ ਸਿੰਘ ਆਦਿ ਹਾਜ਼ਰ ਸਨ।
ਅੰਮ੍ਰਿਤਪਾਲ ਸਿੰਘ ਤੇ ਸਿਮਰਨਜੀਤ ਮਾਨ ਪੰਜਾਬ ਲਈ ਖ਼ਤਰਾ: ਸੁਭਾਸ਼ ਸ਼ਰਮਾ
ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ ਨੇ ਅੱਜ ਮੁਹਾਲੀ ਵਿੱਚ ਚੋਣ ਪ੍ਰਚਾਰ ਦੌਰਾਨ ਅੰਮ੍ਰਿਤਪਾਲ ਸਿੰਘ ਅਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਪੰਜਾਬ ਲਈ ਖ਼ਤਰਾ ਦੱਸਿਆ ਹੈ। ਉਨ੍ਹਾਂ ਨੌਜਵਾਨਾਂ ਵਿੱਚ ਅੰਮ੍ਰਿਤਪਾਲ ਪ੍ਰਤੀ ਵੱਧ ਰਹੀ ਲੋਕਪ੍ਰਿਅਤਾ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਇਸ ਨੂੰ ਮੁਲਕ ਲਈ ਘਾਤਕ ਕਰਾਰ ਦਿੱਤਾ। ਉਨ੍ਹਾਂ ਇੱਥੋਂ ਦੇ ਫੇਜ਼-1, 9, ਵੇਵ ਅਸਟੇਟ, ਪਿੰਡ ਜਗਤਪੁਰਾ ਅਤੇ ਕਲੋਨੀਆਂ ਵਿੱਚ ਦਰਜਨ ਤੋਂ ਵੱਧ ਚੋਣ ਮੀਟਿੰਗਾਂ ਕੀਤੀਆਂ ਅਤੇ ਇਨ੍ਹਾਂ ਇਲਾਕਿਆਂ ਦੇ ਵਿਕਾਸ ਲਈ ਵਿਆਪਕ ਯੋਜਨਾ ਤਿਆਰ ਕਰਨ ਦਾ ਭਰੋਸਾ ਦਿੱਤਾ।