ਪੱਤਰ ਪ੍ਰੇਰਕ
ਲਾਲੜੂ, 19 ਅਕਤੂਬਰ
ਨਜ਼ਦੀਕੀ ਪਿੰਡ ਜਿਉਲੀ ਵਿਚ ਕਥਿਤ ਤੌਰ ’ਤੇ ਇੱਟਾਂ ਦੇ ਭੱਠਿਆਂ ਅਤੇ ਮਿੱਟੀ ਦੀ ਨਾਜਾਇਜ਼ ਖਣਨ ਵਿੱਚ ਲੱਗੇ ਟਿੱਪਰ ਅਤੇ ਟਰਾਲੀਆਂ ਦਿਨ-ਰਾਤ ਸੜਕਾ ਉੱਤੇ ਤੇਜ਼ ਰਫ਼ਤਾਰੀ ਦੌੜ ਰਹੀਆਂ ਹਨ। ਇਸ ਵਿਰੁੱਧ ਪਿੰਡ ਵਾਸੀਆਂ ਨੇ ਜੜੌਤ-ਰਾਮਪੁਰ ਸੈਣੀਆਂ ਮੁੱਖ ਸੜਕ ’ਤੇ ਟਿੱਪਰਾਂ ਤੇ ਟਰਾਲੀਆਂ ਨੂੰ ਰੋਕ ਕੇ ਪ੍ਰਦਰਸ਼ਨ ਕਰਦੇ ਹੋਏ ਇਨ੍ਹਾਂ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਸਾਬਕਾ ਸਰਪੰਚ ਫੂਲ ਚੰਦ, ਬਲਵਿੰਦਰ ਸਿੰਘ, ਲਾਭ ਸਿੰਘ, ਮੋਹਿਤ ਸ਼ਰਮਾ, ਵਿਕਰਮ ਸਿੰਘ, ਪਰਦੀਪ, ਮੇਜਰ ਸਿੰਘ, ਮਨਜੀਤ ਸਿੰਘ, ਰੋਸ਼ਨ, ਅਭਿਸ਼ੇਕ ਵਰਮਾ ਤੇ ਪਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਜਿਉਲੀ ਦੇ ਆਲੇ ਦੁਆਲੇ ਪਿੰਡਾਂ ਵਿੱਚ ਕਰੀਬ ਡੇਢ ਦਰਜਨ ਇੱਟਾਂ ਦੇ ਭੱਠੇ ਹਨ। ਇੱਥੋਂ ਇੱਟਾਂ ਦੀ ਢੋਆ-ਢੁਆਈ ਅਤੇ ਮਿੱਟੀ ਦੀ ਨਾਜਾਇਜ਼ ਖਣਨ ਹੋ ਰਹੀ ਹੈ। ਇਸ ਧੰਦੇ ਵਿੱਚ ਲੱਗੇ ਵੱਡੀ ਗਿਣਤੀ ਟਿੱਪਰ ਤੇ ਟਰਾਲੀਆਂ ਦਿਨ-ਰਾਤ ਇਲਾਕੇ ਦੀ ਸੜਕਾਂ ’ਤੇ ਦੌੜ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਨਾਜਾਇਜ਼ ਵਾਹਨਾਂ ’ਤੇ ਤੁਰੰਤ ਪਾਬੰਦੀ ਲਾਈ ਜਾਵੇ। ਓਵਰਲੋਡ ਮਾਲ ਭਰ ਕੇ ਚੱਲਣ ਦੇ ਦੋਸ਼ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਥਾਣਾ ਮੁਖੀ ਹੰਡੇਸਰਾ ਹਰਦੀਪ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲਣ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।