ਸਰਬਜੀਤ ਸਿੰਘ ਭੱਟੀ
ਲਾਲੜੂ, 28 ਸਤੰਬਰ
ਇਲਾਕੇ ਵਿੱਚ ਲੱਗੀ ਨਾਹਰ ਫੈਕਟਰੀ ਵਿੱਚੋਂ ਪਿਛਲੇ ਕਈ ਦਿਨਾਂ ਤੋਂ ਉੱਡ ਰਹੀ ਕਾਲੀ ਸੁਆਹ ਤੋਂ ਪ੍ਰੇਸ਼ਾਨ ਹੋਣ ਦਰਜਨਾਂ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਫੈਕਟਰੀ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਅਤੇ ਸਬੰਧਤ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਕੀਤੀ।
ਇਸ ਮੌਕੇ ਮਹਿੰਦਰ ਸਿੰਘ ਜਲਾਲਪੁਰ, ਸਾਬਕਾ ਸਰਪੰਚ ਬਲਕਾਰ ਸਿੰਘ ਲੈਹਲੀ, ਸਾਬਕਾ ਸਰਪੰਚ ਜਸਬੀਰ ਸਿੰਘ ਲੈਹਲੀ, ਸਾਬਕਾ ਸਰਪੰਚ ਜਨਕ ਸਿੰਘ ਬਸੀ, ਨੰਬਰਦਾਰ ਰਾਮ ਸਿੰਘ, ਗੁਰਦੁਆਰਾ ਕਮੇਟੀ ਲੈਹਲੀ ਦੇ ਪ੍ਰਧਾਨ ਬਲਜਿੰਦਰ ਸਿੰਘ, ਨੰਬਰਦਾਰ ਸਾਧਾ ਸਿੰਘ ਹਸਨਪੁਰ ਤੇ ਮਨਜੀਤ ਸਿੰਘ ਜਲਾਲਪੁਰ ਸਮੇਤ ਕਈ ਇਲਾਕਾ ਵਾਸੀਆਂ ਨੇ ਕਥਿਤ ਤੌਰ ’ਤੇ ਨਾਹਰ ਫੈਕਟਰੀ ਦੇ ਬੁਆਇਲਰਾਂ ਤੋਂ ਉੱਡ ਰਹੀ ਸੁਆਹ ਖਿਲਾਫ਼ ਕੰਪਨੀ ਵਿੱਚ ਜਾ ਕੇ ਮੁਜ਼ਾਹਰਾ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੱਸਿਆ ਕਿ ਫੈਕਟਰੀ ਦੀ ਕਾਲੀ ਰਾਖ ਦਿਨ ਰਾਤ ਮੀਂਹ ਵਾਂਗ ਇਲਾਕੇ ਦੇ ਪਿੰਡਾਂ ਵਿੱਚ ਪੈ ਰਹੀ ਹੈ, ਜਿਸ ਕਾਰਨ ਲੋਕਾਂ ਦਾ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਸੁਆਹ ਸਾਹ ਨਾਲ ਅੰਦਰ ਜਾ ਰਹੀ ਹੈ, ਲੋਕਾਂ ਦੇ ਘਰ, ਕੱਪੜੇ ਅਤੇ ਖਾਣ ਪੀਣ ਦੀ ਸਮੱਗਰੀ ਦੂਸ਼ਿਤ ਹੋ ਰਹੀ ਹੈ। ਇਲਾਕਾ ਵਾਸੀਆਂ ਨੇ ਐੱਸਡੀਐੱਮ ਡੇਰਾਬਸੀ, ਡਿਪਟੀ ਕਮਿਸ਼ਨਰ ਮੁਹਾਲੀ ਅਤੇ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਲਿਖਤੀ ਸ਼ਿਕਾਇਤ ਕੀਤੀ ਹੈ।
ਬਾਇਲਰਾਂ ’ਤੇ ਪਾਬੰਦੀ ਲਾਈ: ਪ੍ਰਬੰਧਕ
ਫੈਕਟਰੀ ਪ੍ਰਬੰਧਕ ਧਰਮੇਸ਼ ਗਹਿਰਾ ਨੇ ਦੱਸਿਆ ਕਿ ਪਿਛਲੇ ਦਿਨੀਂ ਅੱਗ ਲੱਗਣ ਕਾਰਨ ਉਨ੍ਹਾਂ ਦਾ ਈਐੱਸਪੀ ਸਿਸਟਮ ਖਰਾਬ ਹੋ ਗਿਆ ਸੀ, ਜਿਸ ਕਾਰਨ ਸਮੱਸਿਆ ਆਈ ਹੈ। ਹੁਣ ਜਦੋਂ ਤੱਕ ਸਿਸਟਮ ਠੀਕ ਨਹੀਂ ਹੁੰਦਾ, ਬਾਇਲਰਾਂ ’ਤੇ ਪਾਬੰਦੀ ਰਹੇਗੀ ਅਤੇ ਇਲਾਕਾ ਵਾਸੀਆਂ ਨੁੂੰ ਸ਼ਿਕਾਇਤ ਨਹੀਂ ਆਉਣ ਦਿੱਤੀ ਜਾਵੇਗੀ।