ਹਰਜੀਤ ਸਿੰਘ
ਡੇਰਾਬੱਸੀ, 22 ਜੂਨ
ਇਥੋਂ ਨੇੜਲੇ ਪਿੰਡ ਡੇਰਾ ਜਗਾਧਰੀ ਵਿਖੇ ਬਿਜਲੀ ਅਤੇ ਪਾਣੀ ਦੀ ਕਿੱਲਤ ਕਾਰਨ ਪਿੰਡ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਵਿੱਚ ਸਮਾਂ ਲੰਘਾਉਣਾ ਪੈ ਰਿਹਾ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਲੰਘੇ ਕਈ ਦਿਨਾਂ ਤੋਂ ਉਹ ਪਾਵਰਕੌਮ ਦੇ ਅਧਿਕਾਰੀਆਂ ਤੋਂ ਸਮੱਸਿਆ ਦਾ ਹੱਲ ਕਰਨ ਦੀ ਮੰਗ ਕਰ ਰਹੇ ਹਨ। ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਇਸਦੇ ਰੋਸ ਵਜੋਂ ਅੱਜ ਪਿੰਡ ਵਾਸੀਆਂ ਵੱਲੋਂ ਪਾਵਰਕੌਮ ਦੇ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਸਮੱਸਿਆ ਦਾ ਛੇਤੀ ਹੱਲ ਨਾ ਹੋਣ ’ਤੇ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਦੇ ਵਾਸੀਆਂ ਨੇ ਦੱਸਿਆ ਕਿ ਇਥੋਂ ਦੀ ਵਾਲਮਿਕ ਮੁਹੱਲੇ ਵਿੱਚ ਲੰਮੇ ਸਮੇ ਤੋਂ ਬਿਜਲੀ ਦੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਸਵੇਰ ਅਤੇ ਸ਼ਾਮ ਨੂੰ ਪਾਣੀ ਦੀ ਸਪਲਾਈ ਵੇਲੇ ਬਿਜਲੀ ਬੰਦ ਹੋਣ ਕਾਰਨ ਲੰਘੇ ਤਿੰਨ ਦਿਨਾਂ ਤੋਂ ਪਾਣੀ ਦੀ ਕਿੱਲਤ ਪੈਦਾ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪਾਵਰਕੌਮ ਦੇ ਅਧਿਕਾਰੀਆਂ ਨੂੰ ਬਿਜਲੀ ਸਪਲਾਈ ਬੰਦ ਹੋਣ ਮਗਰੋਂ ਤੁਰੰਤ ਜਾਣਕਾਰੀ ਦੇਣ ਮਗਰੋਂ ਵੀ ਉਹ ਘੰਟਿਆਂਬੱਧੀ ਸਮੱਸਿਆ ਦਾ ਹੱਲ ਨਹੀ ਕਰਦੇ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਸ਼ਾਮ ਨੂੰ ਸੱਤ ਵਜੇ ਦੇ ਕਰੀਬ ਬਿਜਲੀ ਸਪਲਾਈ ਬੰਦ ਹੋ ਜਾਂਦੀ ਹੈ ਜੋ ਰਾਤ ਦੇ ਦਸ ਵਜੇ ਤੱਕ ਬਹਾਲ ਨਹੀ ਹੁੰਦੀ। ਉਨ੍ਹਾਂ ਨੇ ਕਿਹਾ ਕਿ ਕਈਂ ਵਾਰ ਤਾਂ ਪਾਵਰਕੌਮ ਦੇ ਅਧਿਕਾਰੀ ਫੋਨ ਨਹੀ ਚੁੱਕਦੇ ਜਿਸ ਕਾਰਨ ਉਹ ਸਾਰੀ ਸਾਰਾ ਰਾਤ ਗਰਮੀ ਵਿੱਚ ਜਾਗ ਕੇ ਕੱਢਦੇ ਹਨ।
ਗੱਲ ਕਰਨ ’ਤੇ ਪਾਵਰਕੌਮ ਦੇ ਐਕਸੀਅਨ ਇੰਦਰਪ੍ਰੀਤ ਸਿੰਘ ਨੇ ਕਿਹਾ ਕਿ ਮਾਮਲਾ ਧਿਆਨ ’ਚ ਆਉਣ ਮਗਰੋਂ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕਰਕੇ ਸਮੱਸਿਆ ਦਾ ਪੱਕਾ ਹੱਲ ਕਰਵਾਇਆ ਜਾਏਗਾ।