ਕੁਲਦੀਪ ਸਿੰਘ
ਚੰਡੀਗੜ੍ਹ, 25 ਦਸੰਬਰ
ਕਰੀਅਰ ਐਡਵਾਂਸਮੈਂਟ ਸਕੀਮ (ਕੈਸ) ਤਰੱਕੀਆਂ ਸਬੰਧੀ ਇੰਟਰਵਿਊ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ 36ਵੇਂ ਦਿਨ ਪੂਟਾ ਕਾਰਜਕਾਰਨੀ ਵੱਲੋਂ ਉਪ-ਕੁਲਪਤੀ ਦੇ ਕੈਂਪ ਆਫ਼ਿਸ ਅੱਗੇ ਚਮਚਿਆਂ ਨਾਲ ਥਾਲ਼ ਖੜਕਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਪ ਕੁਲਪਤੀ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।
ਪੂਟਾ ਪ੍ਰਧਾਨ ਡਾ. ਮ੍ਰਿਤੁੰਜਯ ਕੁਮਾਰ ਦੀ ਅਗਵਾਈ ਵਿੱਚ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਪ੍ਰੋ. ਅਮਰਜੀਤ ਸਿੰਘ ਨੌਰਾ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੇ ਇਸ ਦੌਰ ਵਿੱਚ ਪੀਯੂ ਦੇ ਵੱਖ-ਵੱਖ ਵਿਭਾਗਾਂ ਦੇ ਚੇਅਰਪਰਸਨ, ਡਾਇਰੈਕਟਰ ਅਤੇ ਕੋਆਰਡੀਨੇਟਰ ਖ਼ੁਦ ਹਾਜ਼ਰ ਰਹਿ ਕੇ ਆਪਣੀਆਂ ਡਿਊਟੀਆਂ ਨਿਭਾਉਂਦੇ ਆ ਰਹੇ ਹਨ ਜਦਕਿ ਉਪ ਕੁਲਪਤੀ ਪਿਛਲੇ ਕਰੀਬ ਅੱਠ ਮਹੀਨਿਆਂ ਤੋਂ ਘਰ ਵਿੱਚ ਹੀ ਬੰਦ ਹਨ। ਅਧਿਆਪਕਾਂ ਦੀਆਂ ਕੈਸ ਤਰੱਕੀਆਂ ਵਰਗੇ ਜਾਇਜ਼ ਕੰਮ ਕਰਨ ਦੀ ਬਜਾਇ ਉਪ ਕੁਲਪਤੀ ਪੀਯੂ ਕੈਲੰਡਰ ਦੀ ਉਲੰਘਣਾ ਕਰ ਕੇ ਗੈਰ-ਕਾਨੂੰਨੀ ਕੰਮ ਕਰਨ ਵਿੱਚ ਜੁੱਟੇ ਹੋਏ ਹਨ। ਪ੍ਰੋ. ਨੌਰਾ ਨੇ ਉਪ ਕੁਲਪਤੀ ਵੱਲੋਂ ਪੀਯੂ ਕੈਲੰਡਰ ਮੁਤਾਬਕ ਪਹਿਲਾਂ ਤੋਂ ਹੀ ਮੌਜੂਦ ਸੰਵਿਧਾਨਕ ਕਮੇਟੀਆਂ ਦੇ ਉੱਪਰ ਹੋਰ ਬਣਾਈਆਂ ਸੰਵਿਧਾਨਕ ਕਮੇਟੀਆਂ ਨੂੰ ਗੈਰ-ਸੰਵਿਧਾਨਿਕ ਕਰਾਰ ਦਿੰਦਿਆਂ ਇਸ ਫ਼ੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਪ੍ਰੋ. ਸੁਪਿੰਦਰ ਕੌਰ ਨੇ ਕਿਹਾ ਕਿ ਉਪ-ਕੁਲਪਤੀ ਕੈਸ ਤਰੱਕੀਆਂ ਦਾ ਫ਼ਰਜ਼ ਪੂਰਾ ਕਰਨ ਵਿੱਚ ਅਸਫ਼ਲ ਰਹੇ ਹਨ।