ਹਰਜੀਤ ਸਿੰਘ
ਡੇਰਾਬੱਸੀ, 12 ਜੁਲਾਈ
ਇਥੋਂ ਦੇ ਨੇੜਲੇ ਪਿੰਡ ਰਾਮਪੁਰ ਸੈਣੀਆਂ ਵਾਸੀ ਲੰਘੇ ਕਈਂ ਦਿਨਾਂ ਤੋਂ ਬਿਜਲੀ ਦੇ ਘੰਟਿਆਂਬੱਧੀ ਕੱਟਾਂ ਕਾਰਨ ਭਾਰੀ ਪ੍ਰੇਸ਼ਾਨੀ ਵਿੱਚ ਸਮਾਂ ਲੰਘਾ ਰਹੇ ਹਨ। ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪਾਵਰਕੌਮ ਨਿਰਵਿਘਣ ਬਿਜਲੀ ਸਪਲਾਈ ਕਰਨ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ਇਸ ਕਾਰਨ ਪਿੰਡ ਵਾਸੀਆਂ ਵਿੱਚ ਪਾਵਰਕੌਮ ਖ਼ਿਲਾਫ਼ ਰੋਸ ਪਣਪ ਰਿਹਾ ਹੈ। ਪਿੰਡ ਵਾਸੀਆਂ ਨੇ ਪਾਵਰਕੌਮ ਦੇ ਅਧਿਕਾਰੀਆਂ ਨੂੰ ਬਿਜਲੀ ਦੀ ਸੁਚਾਰੂ ਸਪਲਾਈ ਕਰਨ ਦੀ ਮੰਗ ਕੀਤੀ ਹੈ। ਪਿੰਡ ਦੇ ਸਰਪੰਚ ਬਿੰਦਰ ਕੁਮਾਰ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ, ਪੰਚ ਗੁਰਮੀਤ ਸਿੰਘ, ਮਨਜੀਤ ਸਿੰਘ, ਕਰਨੈਲ ਸਿੰਘ, ਕ੍ਰਿਸ਼ਨ ਕੁਮਾਰ, ਬਿੰਦਰ ਕੁਮਾਰ ਸਿੰਘ ਹੋਰਨਾਂ ਨੇ ਦੱਸਿਆ ਕਿ ਜਦ ਤੋਂ ਗਰਮੀਆਂ ਸ਼ੁਰੂ ਹੋਈਆਂ ਹਨ ਉਸੇ ਦਿਨ ਤੋਂ ਬਿਜਲੀ ਦੇ ਕੱਟਾਂ ਦੀ ਮਿਆਦ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰੇਕ ਸਰਦੀਆਂ ਵਿੱਚ ਪਾਵਰਕੌਮ ਦਾਅਵਾ ਕਰਦਾ ਹੈ ਕਿ ਗਰਮੀਆਂ ਵਿੱਚ ਇਲਾਕੇ ਦੇ ਲੋਕਾਂ ਨੂੰ ਕੱਟਾਂ ਦਾ ਸਾਹਮਣਾ ਨਹੀਂ ਕਰਨਾ ਪਏਗਾ ਪਰ ਜਦ ਵੀ ਗਰਮੀਆਂ ਸ਼ੁਰੂ ਹੁੰਦੀਆਂ ਹਨ ਤਾਂ ਪਾਵਰਕੌਮ ਦੇ ਦਾਅਵੇ ਦੀ ਫੂਕ ਨਿਕਲ ਜਾਂਦੀ ਹੈ। ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਰੋਜ਼ਾਨਾ ਪਾਵਰਕੌਮ ਵੱਲੋਂ ਪਹਿਲਾਂ ਅਗਾਊਂ ਜਾਣਕਾਰੀ ਦੇ ਲੰਬੇ ਲੰਬੇ ਕੱਟ ਲਾਏ ਜਾ ਰਹੇ ਹਨ। ਬਿਜਲੀ ਦੀ ਕਿੱਲਤ ਕਾਰਨ ਜਿਥੇ ਉਨ੍ਹਾਂ ਦੇ ਘਰੇਲੂ ਕੰਮ ਪ੍ਰਭਾਵਿਤ ਹੁੰਦੇ ਹਨ। ਉਥੇ ਗਰਮੀ ਵਿੱਚ ਬਿਨਾਂ ਬਿਜਲੀ ਤੋਂ ਰਾਤਾਂ ਜਾਗ ਕੇ ਕੱਢਣੀ ਪੈਂਦੀਆਂ ਹਨ। ਬਿਜਲੀ ਦੀ ਸਪਲਾਈ ਠੱਪ ਹੋਣ ਕਾਰਨ ਇਸ ਦਾ ਅਸਰ ਪਾਣੀ ਦੀ ਸਪਲਾਈ ’ਤੇ ਵੀ ਪੈਂਦਾ ਹੈ। ਜ਼ਿਆਦਾ ਬਿਜਲੀ ਸਪਲਾਈ ਪਾਣੀ ਦੀ ਸਪਲਾਈ ਦੇ ਨਾਲ ਹੀ ਜਾਂਦੀ ਹੈ ਜਿਸ ਕਾਰਨ ਪਿੰਡ ਵਿੱਚ ਅਕਸਰ ਪਾਣੀ ਦੀ ਕਿੱਲਤ ਬਣੀ ਰਹਿੰਦੀ ਹੈ। ਪਿੰਡ ਵਾਸੀਆਂ ਨੇ ਸਿਆਸੀ ਆਗੂਆਂ ‘ਤੇ ਵਰ੍ਹਦਿਆਂ ਕਿਹਾ ਕਿ ਸਿਆਸੀ ਆਗੂ ਚੋਣਾਂ ਤੋਂ ਪਹਿਲਾਂ ਵੱਡੇ ਵੱਡੇ ਦਾਅਵੇ ਕਰ ਕੇ ਵੋਟਾਂ ਬਟੋਰ ਲੈਂਦੇ ਹਨ ਪਰ ਚੋਣਾਂ ਜਿੱਤਣ ਮਗਰੋਂ ਕੋਈ ਵੀ ਸਿਆਸੀ ਆਗੂ ਮੁੜ ਕੇ ਪਿੰਡ ਵਾਸੀਆਂ ਦੀ ਸਾਰ ਨਹੀਂ ਲੈਂਦਾ। ਪਿੰਡ ਵਾਸੀਆਂ ਨੇ ਕਿਹਾ ਕਿ ਇਥੇ ਬਿਜਲੀ ਦੀਆਂ ਤਾਰਾਂ ਦੀ ਹਾਲਤ ਐਨੀ ਮਾੜੀ ਹੈ ਕਿ ਥੋੜ੍ਹੀ ਜਿਹੀ ਹਨੇਰੀ ਤੇ ਤੇਜ਼ ਹਵਾ ਚੱਲਣ ਨਾਲ ਪਿੰਡ ਵਿੱਚ ਬਿਜਲੀ ਸਪਲਾਈ ਠੱਪ ਹੋ ਜਾਂਦੀ ਹੈ ਜਿਸ ਨੂੰ ਬਹਾਲ ਕਰਨ ਵਿੱਚ ਪੂਰੀ ਲੜਾਈ ਲੜਨੀ ਪੈਂਦੀ ਹੈ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਬਿਜਲੀ ਕੱਟ ਲੱਗਣ ‘ਤੇ ਪਾਵਰਕੌਮ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਕੋਈ ਵੀ ਅਧਿਕਾਰੀ ਫੋਨ ਨਹੀਂ ਚੁੱਕਦਾ ਜੇਕਰ ਕੋਈ ਚੁੱਕ ਲੈਂਦਾ ਹੈ ਤਾਂ ਤਸੱਲੀਬਖ਼ਸ਼ ਜਵਾਬ ਨਹੀ ਦਿੰਦਾ। ਗੱਲ ਕਰਨ ‘ਤੇ ਪਾਵਰਕੌਮ ਦੇ ਐਕਸੀਅਨ ਇੰਦਰਪ੍ਰੀਤ ਸਿੰਘ ਨੇ ਕਿਹਾ ਕਿ ਸਬੰਧਤ ਐਸ.ਡੀ.ਓ. ਨੂੰ ਪਿੰਡ ਦਾ ਦੌਰਾ ਕਰ ਸਮੱਸਿਆ ਦਾ ਹੱਲ ਕਰਨ ਦੀ ਹਦਾਇਤ ਕੀਤੀ ਜਾਵੇਗੀ।