ਮੁਕੇਸ਼ ਕੁਮਾਰ
ਚੰਡੀਗੜ੍ਹ, 22 ਜੂਨ
ਇੱਥੇ ਮਲੋਆ ਸਥਿਤ ਸਮਾਲ ਫਲੈਟ ਕਲੋਨੀ ਵਾਸੀਆਂ ਵੱਲੋਂ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰਦਰਸ਼ਨ ਕੀਤਾ ਗਿਆ। ਕਲੋਨੀ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੈਕਟਰ-52 ਤੇ ਸੈਕਟਰ-56 ਦੀਆਂ ਆਰਜ਼ੀ ਟੀਨ ਸ਼ੈੱਡ ਕਲੋਨੀਆਂ ਵਿੱਚੋਂ ਇੱਥੇ ਮਲੋਆ ਕਲੋਨੀ ਵਿੱਚ ਸ਼ਿਫਟ ਹੋਏ ਲਗਪਗ ਇੱਕ ਸਾਲ ਹੋਣ ਵਾਲਾ ਹੈ ਪਰ ਉਹ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ਦੀ ‘ਕਿਫ਼ਾਇਤੀ ਕਿਰਾਇਆ ਯੋਜਨਾ’ ਤਹਿਤ ਇੱਥੇ ਮਲੋਆ ਕਲੋਨੀ ਵਿੱਚ ਤਿੰਨ-ਤਿੰਨ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਿਰਾਏ ’ਤੇ ਫਲੈਟ ਅਲਾਟ ਕੀਤੇ ਗਏ ਹੈ। ਕਲੋਨੀ ਵਿੱਚ ਮੁੱਢਲੀਆਂ ਸਹੂਲਤਾਂ ਦੀ ਤੋਟ ਹੈ। ਕਲੋਨੀ ਦੇ ਚਾਰੇ ਪਾਸੇ ਜੰਗਲੀ ਇਲਾਕਾ ਹੈ ਅਤੇ ਸਟਰੀਟ ਲਾਈਟ ਅਕਸਰ ਬੰਦ ਰਹਿੰਦੀ ਹੈ। ਕਲੋਨੀ ਦੇ ਪਾਰਕਾਂ ਦਾ ਹਾਲ ਮਾੜਾ ਹੈ ਤੇ ਸਫ਼ਾਈ ਵਿਵਸਥਾ ਵੀ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਕਲੋਨੀ ਵਿੱਚ ਪਾਣੀ ਦੀ ਸਪਲਾਈ ਵੀ ਅਕਸਰ ਖ਼ਰਾਬ ਰਹਿੰਦੀ ਹੈ ਤੇ ਸੜਕਾਂ ਦੀ ਹਾਲਤ ਵੀ ਚੰਗੀ ਨਹੀਂ ਹੈ।
ਕਲੋਨੀ ਵਾਸੀਆਂ ਨੇ ਦੱਸਿਆ ਕਿ ਉਹ ਚੰਡੀਗੜ੍ਹ ਹਾਊਸਿੰਗ ਬੋਰਡ ਸਣੇ ਨਗਰ ਨਿਗਮ ਦੇ ਅਧਿਕਾਰੀਆਂ ਕੋਲ ਆਪਣੀਆਂ ਸਮੱਸਿਆਵਾਂ ਪਹੁੰਚਾ ਚੁੱਕੇ ਹਨ ਪਰ ਕੋਈ ਹੱਲ ਨਹੀਂ ਹੋਇਆ। ਪ੍ਰਦਰਸ਼ਨ ਕਰ ਰਹੇ ਕਲੋਨੀ ਵਾਸੀਆਂ ਨੇ ਨਗਰ ਨਿਗਮ ਅਤੇ ਚੰਡੀਗੜ੍ਹ ਹਾਊਸਿੰਗ ਬੋਰਡ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਲੋਨੀ ਨਿਵਾਸੀ ਨੇ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਦੇ ਨੇਤਾ ਸ਼ਸ਼ੀ ਸ਼ੰਕਰ ਤਿਵਾੜੀ ਨੂੰ ਆਪਣੀਆਂ ਸਮਸਿਆਵਾਂ ਬਾਰੇ ਜਾਣੂ ਕਰਵਾਇਆ। ਸ੍ਰੀ ਤਿਵਾੜੀ ਨੇ ਕਿਹਾ ਕਿ ਜੇ ਕਲੋਨੀ ਵਾਸੀਆਂ ਦੀਆਂ ਸਮੱਸਿਆਵਾਂ ਦਾ ਪ੍ਰਸ਼ਾਸਨ ਅਤੇ ਨਗਰ ਨਿਗਮ ਨੇ ਛੇਤੀ ਹੀ ਕੋਈ ਠੋਸ ਹੱਲ ਨਾ ਕੱਢਿਆ ਤਾਂ ਉਹ ਸੰਘਰਸ਼ ਦਾ ਰਸਤਾ ਅਖ਼ਤਿਆਰ ਕਰਨਗੇ।