ਆਤਿਸ਼ ਗੁਪਤਾ
ਚੰਡੀਗੜ੍ਹ, 26 ਅਕਤੂਬਰ
ਨਗਰ ਨਿਗਮ ਦੇ ਐਨਫੋਰਸਮੈਂਟ ਵਿੰਗ ਵੱਲੋਂ ਸੈਕਟਰ-22 ਸੀ ਵਿੱਚ ਦੀਵਾਲੀ ਦੇ ਤਿਉਹਾਰ ਸਮੇਂ ਕੀਤੀ ਕਾਰਵਾਈ ਤੋਂ ਨਾਰਾਜ਼ ਦੁਕਾਨਦਾਰਾਂ ਨੇ ਬੁੱਧਵਾਰ ਸ਼ਾਮ ਨੂੰ ਨਿਗਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਵਾਰਡ ਨੰਬਰ-17 ਤੋਂ ਕੌਂਸਲਰ ਦਮਨਪ੍ਰੀਤ ਸਿੰਘ ਵੀ ਦੁਕਾਨਦਾਰਾਂ ਦੀ ਹਮਾਇਤ ਵਿੱਚ ਸ਼ਾਮਲ ਹੋਏ। ਸੈਕਟਰ-22 ਵਿੱਚ ਦੁਕਾਨਦਾਰਾਂ ਦੇ ਪ੍ਰਦਰਸ਼ਨ ਕਾਰਨ ਜਾਮ ਲੱਗ ਗਿਆ। ਇਸ ਕਰ ਕੇ ਥਾਣਾ ਸੈਕਟਰ-17 ਦੀ ਪੁਲੀਸ ਨੇ ਦੁਕਾਨਦਾਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਉਨ੍ਹਾਂ ਨਿਗਮ ਕਮਿਸ਼ਨਰ ਅਨਿੰਦਤਾ ਮਿੱਤਰਾ ਵੱਲੋਂ ਭਲਕੇ ਵੀਰਵਾਰ ਸ਼ਾਮ ਨੂੰ ਮੀਟਿੰਗ ਲਈ ਸੱਦਣ ਦੇ ਭਰੋਸੇ ਮਗਰੋਂ ਧਰਨਾ ਖ਼ਤਮ ਕੀਤਾ। ਪੁਲੀਸ ਨੇ ਗ੍ਰਿਫ਼ਤਾਰ ਦੁਕਾਨਦਾਰਾਂ ਨੂੰ ਛੱਡ ਦਿੱਤਾ ਹੈ।
ਵਾਰਡ ਨੰਬਰ-17 ਤੋਂ ਕੌਂਸਲਰ ਦਮਨਪ੍ਰੀਤ ਸਿੰਘ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਤਿਉਹਾਰਾਂ ਦੇ ਸੀਜ਼ਨ ਵਿੱਚ ਸਾਰੇ ਸ਼ਹਿਰ ਵਿੱਚ ਆਰਜ਼ੀ ਤੌਰ ’ਤੇ ਦੁਕਾਨਾਂ ਲਗਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਦੌਰਾਨ ਸਿਰਫ਼ ਸੈਕਟਰ-22 ਦੀ ਮਾਰਕੀਟ ਵਿੱਚ ਬਾਹਰ ਸਾਮਾਨ ਰੱਖਣ ਦੀ ਪ੍ਰਵਾਨਗੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਦੀਵਾਲੀ ਤੋਂ ਪਹਿਲੇ ਦਿਨ ਨਗਰ ਨਿਗਮ ਦੀ ਐਨਫੋਰਸਮੈਂਟ ਵਿੰਗ ਨੇ ਸੈਕਟਰ-22 ਵਿੱਚ ਚੈਕਿੰਗ ਕੀਤੀ ਤਾਂ ਦੁਕਾਨਦਾਰਾਂ ਦਾ ਹਜ਼ਾਰਾਂ ਰੁਪਏ ਦਾ ਸਾਮਾਨ ਚੁੱਕ ਲਿਆ ਗਿਆ। ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਦੁਕਾਨਦਾਰਾਂ ਦੇ ਚਾਲਾਨ ਕੀਤੇ ਗਏ ਹਨ। ਕੌਂਸਲਰ ਨੇ ਕਿਹਾ ਕਿ ਸੈਕਟਰ-22 ਦੀ ਮਾਰਕੀਟ ਸਭ ਤੋਂ ਪੁਰਾਣੀ ਅਤੇ ਵੱਡੀ ਮਾਰਕੀਟ ਹੈ। ਇਸ ਦੇ ਦੁਕਾਨਦਾਰਾਂ ਵੱਲੋਂ ਸਰਕਾਰ ਨੂੰ ਲੱਖਾਂ ਰੁਪਏ ਟੈਕਸ ਭੁਗਤਾਨ ਕੀਤਾ ਜਾਂਦਾ ਹੈ। ਇਸ ਦੇ ਬਾਵਜੂਦ ਚੰਡੀਗੜ੍ਹ ਨਗਰ ਨਿਗਮ ਵੱਲੋਂ ਜਾਣਬੁੱਝ ਕੇ ਦੁਕਾਨਦਾਰਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਦੁਕਾਨ ਦੇ ਬਾਹਰ ਸਿਰਫ਼ ਡੇਢ ਤੋਂ ਦੋ ਫੁੱਟ ਸਾਮਾਨ ਰੱਖਦੇ ਹਨ। ਨਗਰ ਨਿਗਮ ਦੀ ਟੀਮ ਮਹਿੰਗਾ ਸਾਮਾਨ ਚੁੱਕ ਕੇ ਲੈ ਜਾਂਦੀ ਹੈ। ਇਨ੍ਹਾਂ ਹੀ ਨਹੀਂ ਨਿਗਮ ਵੱਲੋਂ ਸਾਮਾਨ ਚੁੱਕੇ ਜਾਣ ਕਰ ਕੇ ਵਧੇਰੇ ਵਾਰ ਸਾਮਾਨ ਦਾ ਨੁਕਸਾਨ ਵੀ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਨਗਰ ਨਿਗਮ ਸੈਕਟਰ-22 ਦੇ ਦੁਕਾਨਦਾਰਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਨਹੀਂ ਕਰਦਾ, ਉੱਦੋਂ ਤੱਕ ਵਿਰੋਧ ਜਾਰੀ ਰਹੇਗਾ।
ਕੌਂਸਲਰ ਦਮਨਪ੍ਰੀਤ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਨਗਰ ਨਿਗਮ ਦੀ ਕਮਿਸ਼ਨਰ ਅਨਿੰਦਤਾ ਮਿੱਤਰਾ ਨੇ ਦੁਕਾਨਦਾਰਾਂ ਨੂੰ ਵੀਰਵਾਰ ਸ਼ਾਮ ਨੂੰ ਗੱਲਬਾਤ ਲਈ ਸੱਦਿਆ ਹੈ। ਉਨ੍ਹਾਂ ਉਮੀਦ ਕੀਤੀ ਕਿ ਨਿਗਮ ਕਮਿਸ਼ਨਰ ਦੁਕਾਨਦਾਰਾਂ ਦੀ ਗੱਲਬਾਤ ਸੁਨਣਗੇ ਤੇ ਸਮੱਸਿਆ ਦਾ ਹੱਲ ਕੱਢਣਗੇ।