ਕੁਲਦੀਪ ਸਿੰਘ
ਚੰਡੀਗੜ੍ਹ, 7 ਜੂਨ
ਰਾਕ ਗਾਰਡਨ ਵਿੱਚੋਂ ਕੱਢੇ ਗਏ ਆਊਟਸੋਰਸਿੰਗ ਸਫ਼ਾਈ ਕਰਮਚਾਰੀਆਂ ਵੱਲੋਂ ਅੱਜ ਕਾਲੇ ਚੋਗੇ ਪਹਿਨ ਕੇ ਰੋਡ ਡਿਵੀਜ਼ਨ ਨੰਬਰ 2 ਸੈਕਟਰ 9 ਸਾਹਮਣੇ ਮੁਜ਼ਾਹਰਾ ਕੀਤਾ ਗਿਆ ਅਤੇ ਨੌਕਰੀ ਤੋਂ ਕੱਢੇ ਗਏ ਵਰਕਰਾਂ ਨੂੰ ਕੰਮ ’ਤੇ ਵਾਪਸ ਰੱਖਣ ਲਈ ਮੰਗ ਕੀਤੀ ਗਈ।
ਇਸ ਮੌਕੇ ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਸਤਿੰਦਰ ਸਿੰਘ ਅਤੇ ਜਨਰਲ ਸਕੱਤਰ ਰਾਕੇਸ਼ ਕੁਮਾਰ ਨੇ ਕਿਹਾ ਕਿ ਕਰੋਨਾ ਮਹਾਮਾਰੀ ਕਾਰਨ ਪਿਛਲੇ ਸਾਲ ਕੀਤੀ ਗਈ ਤਾਲਾਬੰਦੀ ਦੌਰਾਨ ਇਨ੍ਹਾਂ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਜਦਕਿ ਸਰਕਾਰ ਦੇ ਸਪੱਸ਼ਟ ਹੁਕਮ ਹਨ ਕਿ ਕਰੋਨਾ ਕਾਲ ਵਿੱਚ ਕਿਸੇ ਵੀ ਕਰਮਚਾਰੀ ਨੂੰ ਨੌਕਰੀ ਤੋਂ ਕੱਢਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਯੂ.ਟੀ. ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਵਾਰ-ਵਾਰ ਧਿਆਨ ਵਿੱਚ ਇਹ ਮਾਮਲਾ ਲਿਆਉਣ ਦੇ ਬਾਵਜੂਦ ਪਿਛਲੇ ਇੱਕ ਸਾਲ ਤੋਂ ਸਿਰਫ਼ ਭਰੋਸੇ ਹੀ ਮਿਲਦੇ ਆ ਰਹੇ ਹਨ। ਚੀਫ਼ ਇੰਜੀਨੀਅਰ-ਕਮ-ਸਪੈਸ਼ਲ ਸਕੱਤਰ ਸੀ.ਬੀ. ਓਝਾ ਨੇ ਵੀ ਇਨ੍ਹਾਂ ਵਰਕਰਾਂ ਨੂੰ ਮੁੜ ਕੰਮ ’ਤੇ ਰੱਖਣ ਦੇ ਹੁਕਮ ਦਿੱਤੇ ਸਨ ਪਰ ਇਸ ਦੇ ਬਾਵਜੂਦ ਕਰੋਨਾ ਕਾਲ ਵਿੱਚ ਕੱਢੇ ਹੋਏ ਸਾਰੇ ਸਫ਼ਾਈ ਕਰਮਚਾਰੀਆਂ ਨੂੰ ਹਾਲੇ ਤੱਕ ਕੰਮ ’ਤੇ ਵਾਪਸ ਨਹੀਂ ਰੱਖਿਆ ਗਿਆ।
ਉਨ੍ਹਾਂ ਕਿਹਾ ਕਿ ਜੇਕਰ ਕੰਮ ਤੋਂ ਕੱਢੇ ਗਏ ਵਰਕਰਾਂ ਨੂੰ ਵਾਪਸ ਨਾ ਰੱਖਿਆ ਗਿਆ ਤਾਂ ਪ੍ਰਸ਼ਾਸਨ ਖਿਲਾਫ਼ ਤਿੱਖਾ ਵਿਰੋਧ ਸ਼ੁਰੂ ਕਰ ਦਿੱਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਅੱਜ ਮੁਜ਼ਾਹਰੇ ਦੌਰਾਨ ਐਸ.ਈ. ਕੰਸਟਰੱਕਸ਼ਨ ਸਰਕਲ ਮੈਡਮ ਜਿਗਨਾ ਕੇ. ਸੰਘਾਡੀਆ ਨੇ ਯੂਨੀਅਨ ਆਗੂਆਂ ਨੂੰ ਬੁਲਾ ਕੇ ਵਰਕਰਾਂ ਨੂੰ ਵਾਪਸ ਕੰਮ ’ਤੇ ਰਖਵਾਉਣ ਦਾ ਭਰੋਸਾ ਦਿੱਤਾ।