ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 20 ਸਤੰਬਰ
ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ26 ਵਿੱਚ ਅੱਜ ਵਿਦਿਆਰਥੀਆਂ ਨੇ ਦੂਜੇ ਕਾਲਜ ਵਿੱਚ ਮਾਈਗਰੇਸ਼ਨ ਨਾ ਹੋਣ ’ਤੇ ਮੁਜ਼ਾਹਰਾ ਕੀਤਾ। ਵਿਦਿਆਰਥੀਆਂ ਨੇ ਕਾਲਜ ਪ੍ਰਬੰਧਕਾਂ ਖ਼ਿਲਾਫ਼ ਡਾਇਰੈਕਟਰ ਉਚੇਰੀ ਸਿੱਖਿਆ ਨੂੰ ਸ਼ਿਕਾਇਤ ਕੀਤੀ। ਵਿਦਿਆਰਥੀਆਂ ਦੇ ਰੋਸ ਨੂੰ ਦੇਖਦਿਆਂ ਕਾਲਜ ਨੇ ਚਰਿੱਤਰ ਸਰਟੀਫਿਕੇਟ ਜਾਰੀ ਕਰ ਦਿੱਤੇ। ਇਸ ਮੌਕੇ ਹਾਜ਼ਰ ਵਿਦਿਆਰਥੀ ਆਗੂ ਲਕਸ਼ਿਤ ਨੇ ਦੱਸਿਆ ਕਿ ਕਈ ਵਿਦਿਆਰਥੀ ਇਸ ਕਾਲਜ ਦੀ ਥਾਂ ਹੋਰ ਕਾਲਜਾਂ ਵਿੱਚ ਜਾਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਕਾਲਜ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ।
ਕਾਲਜ ਨੇ ਕਈ ਵਿਦਿਆਰਥੀਆਂ ਨੂੰ ਸਰਟੀਫਿਕੇਟ ਜਾਰੀ ਤਾਂ ਕਰ ਦਿੱਤੇ ਪਰ ਨਾਲ ਹੀ ਨੋਟ ਲਿਖ ਦਿੱਤਾ ਕਿ ਇਹ ਸਰਟੀਫਿਕੇਟ ਚੰਡੀਗੜ੍ਹ ਤੋਂ ਬਾਹਰ ਦੇ ਕਾਲਜਾਂ ਲਈ ਹੀ ਜਾਇਜ਼ ਹਨ ਜਿਸ ਕਾਰਨ ਵਿਦਿਆਰਥੀਆਂ ਨੇ ਅੱਜ ਦੁਪਹਿਰ ਵੇਲੇ ਕਾਲਜ ਬਾਹਰ ਪ੍ਰਦਰਸ਼ਨ ਕੀਤਾ। ਜਥੇਬੰਦੀ ‘ਆਈਸਾ’ ਦੀ ਆਗੂ ਸੌਮਿਆ ਨੇ ਇਸ ਸਬੰਧੀ ਡਾਇਰੈਕਟਰ ਪਾਲਿਕਾ ਅਰੋੜਾ ਨੂੰ ਸ਼ਿਕਾਇਤ ਕੀਤੀ ਕਿ ਕਾਲਜ ਦੇ ਵਰਤਾਰੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਮੁਜ਼ਾਹਰੇ ਤੋਂ ਬਾਅਦ ਕਾਲਜ ਨੇ ਵਿਦਿਆਰਥੀਆਂ ਨੂੰ ਚਰਿੱਤਰ ਸਰਟੀਫਿਕੇਟ ਜਾਰੀ ਕਰ ਦਿੱਤੇ।