ਪੀ.ਪੀ.ਵਰਮਾ
ਪੰਚਕੂਲਾ, 22 ਅਗਸਤ
ਹਰਿਆਣਾ ਸਕੂਲ ਲੈਕਚਰਾਰ ਐਸੋਸੀਏਸ਼ਨ ਵੱਲੋਂ ਅੱਜ ਰਾਜ ਭਰ ਤੋਂ ਆਏ ਲੈਕਚਰਾਰਾਂ ਨੇ ਪੰਚਕੂਲਾ ਦੇ ਸੈਕਟਰ-5 ਵਿੱਚ ਪ੍ਰਦਰਸ਼ਨ ਕੀਤਾ। ਇਹ ਸਾਰੇ ਲੈਕਚਰਾਰ ਹਰਿਆਣਾ ਦੇ 22 ਜ਼ਿਲ੍ਹਿਆਂ ਤੋਂ ਇੱਥੇ ਇਕੱਠੇ ਹੋਏ ਜਿਨ੍ਹਾਂ ਵਿੱਚ ਵੱਡੀ ਗਿਣਤੀ ਮਹਿਲਾਵਾਂ ਵੀ ਸ਼ਾਮਲ ਸਨ। ਹੁੱਡਾ ਗਰਾਊਂਡ ਤੋਂ ਇਹ ਮੁੱਖ ਮੰਤਰੀ ਖੱਟਰ ਦੇ ਘਰ ਦਾ ਘਿਰਾਓ ਕਰਨ ਲਈ ਚੱਲੇ ਪਰ ਪੁਲੀਸ ਨੇ ਇਨ੍ਹਾਂ ਨੂੰ ਹਾਊਸਿੰਗ ਬੋਰਡ ਚੌਕ ਉੱਤੇ ਹੀ ਘੇਰ ਲਿਆ। ਚੰਡੀਗੜ੍ਹ ਪੰਚਕੂਲਾ ਬਾਰਡਰ ਉੱਤੇ ਪੰਚਕੂਲਾ ਅਤੇ ਚੰਡੀਗੜ੍ਹ ਦੇ ਜਵਾਨ ਵੱਡੀ ਗਿਣਤੀ ਵਿਚ ਤਾਇਨਾਤ ਸਨ। ਪੁਲੀਸ ਨੇ ਚੰਡੀਗੜ੍ਹ ਦੇ ਰਸਤੇ ਨੂੰ ਮੁਕੰਮਲ ਬੰਦ ਕੀਤਾ ਹੋਇਆ ਸੀ। ਇਸ ਮੌਕੇ ਹਰਿਆਣਾ ਸਕੂਲ ਲੈਕਚਰਾਰ ਐਸੋਸੀਏਸ਼ਨ ਦੇ ਪ੍ਰਧਾਨ ਸਤਪਾਲ ਸਿੱਧੂ ਨੇ ਕਿਹਾ ਕਿ ਉਹ ਮੁੱਖ ਮੰਤਰੀ ਦਾ ਨਿਵਾਸ ਇਸ ਲਈ ਘੇਰਨ ਚੱਲੇ ਹਨ ਕਿਉਂਕਿ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਅਣਗੌਲਿਆ ਕਰ ਰਹੀ ਹੈ।
ਦੂਜਾ ਪ੍ਰਦਰਸ਼ਨ ਹਰਿਆਣਾ ਮਲਟੀਪਰਪਜ਼ ਸਿਹਤ ਕਰਮਚਾਰੀ ਐਸੋਸੀਏਸ਼ਨ ਵੱਲੋਂ ਕੀਤਾ ਗਿਆ। ਇਸ ਮੌਕੇ ਸਾਰੇ ਜ਼ਿਲ੍ਹਿਆਂ ਦੇ ਸਿਹਤ ਮੁਲਾਜ਼ਮਾਂ ਨੇ ਡਾਇਰੈਕਟਰ ਜਨਰਲ ਹੈਲਥ ਵਿਭਾਗ ਦਾ ਦਫ਼ਤਰ ਘੇਰਿਆ।