ਪੱਤਰ ਪ੍ਰੇਰਕ
ਚੰਡੀਗੜ੍ਹ, 28 ਸਤੰਬਰ
ਪੰਜਾਬ ਨੈਸ਼ਨਲ ਬੈਂਕ ਰਿਟਾਇਰੀਜ਼ ਐਸੋਸੀਏਸ਼ਨ ਦੇ ਬੈਨਰ ਹੇਠ ਸੇਵਾਮੁਕਤ ਬੈਂਕ ਕਰਮਚਾਰੀਆਂ ਵੱਲੋਂ ਮੰਗਾਂ ਨੂੰ ਲੈ ਕੇ ਸੈਕਟਰ 17 ਸਥਿਤ ਬੈਂਕ ਸਕੇਅਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸੇਵਾਮੁਕਤ ਕਰਮਚਾਰੀਆਂ ਨੇ ਇਸ ਮੌਕੇ ਕੇਂਦਰ ਸਰਕਾਰ ਅਤੇ ਇੰਡੀਅਨ ਬੈਂਕਿੰਗ ਐਸੋਸੀਏਸ਼ਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਪੀ.ਐਨ.ਬੀ. ਦੇ ਜ਼ੋਨਲ ਮੈਨੇਜਰ ਰਾਹੀਂ ਇੰਡੀਅਨ ਬੈਂਕਿੰਗ ਐਸੋਸੀਏਸ਼ਨ ਦੇ ਚੇਅਰਮੈਨ ਨੂੰ ਮੰਗ ਪੱਤਰ ਵੀ ਭੇਜਿਆ।
ਇਸ ਮੌਕੇ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਆਗੂਆਂ ਵਿੱਚ ਸੱਜਣ ਸਿੰਘ, ਓ.ਪੀ. ਉਮਤ, ਪੀ.ਪੀ. ਘਈ ਅਤੇ ਅਨਿਲ ਸੂਦ ਆਦਿ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੇਵਾਮੁਕਤ ਕਰਮਚਾਰੀਆਂ ਲਈ ਮੈਡੀਕਲੇਮ ਪਾਲਿਸੀ ਦਾ ਇੰਸ਼ੋਰੈਂਸ ਪ੍ਰੀਮੀਅਮ 36 ਪ੍ਰਤੀਸ਼ਤ ਤੋਂ 40 ਪ੍ਰਤੀਸ਼ਤ ਤੱਕ ਵਧਾ ਦਿੱਤਾ ਗਿਆ ਹੈ ਜਿਸ ਕਾਰਨ ਕਰਮਚਾਰੀਆਂ ਵਿੱਚ ਪ੍ਰੇਸ਼ਾਨੀ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਇੰਨੇ ਜ਼ਿਆਦਾ ਪ੍ਰੀਮੀਅਮ ਦਾ ਭੁਗਤਾਨ ਨਾ ਕਰ ਸਕਣ ਵਾਲੇ ਵੱਡੀ ਗਿਣਤੀ ਕਰਮਚਾਰੀ ਇਸ ਸਿਹਤ ਸਹੂਲਤ ਤੋਂ ਵਾਂਝੇ ਹੋ ਜਾਣਗੇ ਜੋ ਕਿ ਬੁਢਾਪੇ ਵਿੱਚ ਮੁੱਖ ਸਹਾਰਾ ਬਣਦੀ ਹੈ। ਇੱਕ ਪਾਸੇ ਤਾਂ ਸਰਕਾਰ ਸਮਾਜਿਕ ਸੁਰੱਖਿਆ ਦੀ ਗਰੰਟੀ ਦੇ ਰਹੀ ਹੈ ਪ੍ਰੰਤੂ ਦੂਜੇ ਪਾਸੇ ਪ੍ਰੀਮੀਅਮ ਵਧਾ ਕੇ ਬੈਂਕ ਦੇ ਸੇਵਾਮੁਕਤ ਕਰਮਚਾਰੀਆਂ ਦੀ ਸੰਘੀ ਘੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਇੰਨਾ ਜ਼ਿਆਦਾ ਪ੍ਰੀਮੀਅਮ ਪਹਿਲੀ ਵਾਰ ਵਧਾਇਆ ਗਿਆ ਹੈ ਜਿਸ ਨੂੰ ਤੁਰੰਤ ਰੱਦ ਕੀਤਾ ਜਾਵੇ।
ਦੂਸਰੀ ਮੰਗ ਬਾਰੇ ਉਨ੍ਹਾਂ ਕਿਹਾ ਕਿ ਹੋਰਨਾਂ ਵਿਭਾਗਾਂ ਵਿੱਚ ਸੇਵਾਮੁਕਤ ਕਰਮਚਾਰੀਆਂ ਦੀ ਪੈਨਸ਼ਨ ਅਪਡੇਟ ਹੁੰਦੀ ਰਹਿੰਦੀ ਹੈ ਪ੍ਰੰਤੂ ਸਿਰਫ਼ ਬੈਂਕ ਕਰਮਚਾਰੀਆਂ ਦੀ ਹੀ ਨਹੀਂ ਹੁੰਦੀ। ਮਹਿੰਗਾਈ ਲਗਾਤਾਰ ਵਧਦੀ ਰਹਿੰਦੀ ਹੈ ਅਤੇ ਖਰਚੇ ਵੀ ਲਗਾਤਾਰ ਵਧਦੇ ਰਹਿੰਦੇ ਹਨ ਪ੍ਰੰਤੂ ਉਨ੍ਹਾਂ ਦੀ ਪੈਨਸ਼ਨ ਅਪਡੇਟ ਨਹੀਂ ਹੁੰਦੀ। ਤੀਸਰੀ ਮੰਗ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ 1 ਅਪ੍ਰੈਲ 2021 ਤੋਂ ਬੈਂਕ ਦੇ ਸੇਵਾਮੁਕਤ ਕਰਮਚਾਰੀਆਂ ਲਈ ਸਰਕਾਰ 15 ਤੋਂ 30 ਪ੍ਰਤੀਸ਼ਤ ਫੈਮਿਲੀ ਪੈਨਸ਼ਨ ਦੀ ਘੋਸ਼ਣਾ ਕੀਤੀ ਸੀ ਪ੍ਰੰਤੂ ਹਾਲੇ ਤੱਕ ਇਹ ਫੈਮਿਲੀ ਪੈਨਸ਼ਨ ਲਾਗੂ ਨਹੀਂ ਹੋ ਸਕੀ। ਐਸੋਸੀਏਸ਼ਨ ਦੇ ਉਕਤ ਆਗੂਆਂ ਨੇ ਕੇਂਦਰ ਸਰਕਾਰ ਅਤੇ ਇੰਡੀਅਨ ਬੈਂਕਿੰਗ ਐਸੋਸੀਏਸ਼ਨ ਤੋਂ ਮੰਗ ਕੀਤੀ ਕਿ ਸੇਵਾਮੁਕਤ ਕਰਮਚਾਰੀਆਂ ਦੀਆਂ ਤਿੰਨੋਂ ਮੰਗਾਂ ਵੱਲ ਵਿਸ਼ੇਸ਼ ਧਿਆਨ ਦੇ ਕੇ ਰਾਹਤ ਦਿੱਤੀ ਜਾਵੇ।