ਸਰਬਜੀਤ ਸਿੰਘ ਭੱਟੀ
ਲਾਲੜੂ, 5 ਅਕਤੂਬਰ
ਪਿੰਡ ਹਮਾਯੂੰਪੁਰ-ਤਸਿੰਬਲੀ ’ਚ ਡੇਂਗੂ ਬੁਖਾਰ ਦੇ ਵੱਧਦੇ ਕਹਿਰ ਨੂੰ ਵੇਖਦਿਆਂ ਸਿਹਤ ਵਿਭਾਗ ਵੀ ਹਰਕਤ ਵਿੱਚ ਆ ਗਿਆ ਅਤੇ ਵਿਭਾਗ ਦੀਆਂ ਟੀਮਾ ਨੇ ਪਿੰਡ ਵਿੱਚ ਪਹੁੰਚ ਕੇ 70 ਤੋਂ ਵੱਧ ਵਿਅਕਤੀਆਂ ਦੇ ਸੈਂਪਲ ਲਏ ਅਤੇ ਫੋਗਿੰਗ ਕਰਵਾਈ। ਪਿੰਡ ਦੇ ਸਾਬਕਾ ਸਰਪੰਚ ਨਿਰਮੈਲ ਸਿੰਘ ਹਮਾਯੂੰਪੁਰ, ਨੌਜਵਾਨ ਆਗੂ ਦਲਬੀਰ ਸਿੰਘ, ਦਵਿੰਦਰ ਸਿੰਘ, ਇੰਦਰਜੀਤ ਸ਼ਰਮਾ, ਕਮਲਜੀਤ ਸਿੰਘ ਪੰਚ, ਨੰਬਰਦਾਰ ਸਾਹਿਬ ਸਿੰਘ ਨੇ ਦੱਸਿਆ ਕਿ ਹਮਾਯੂੰਪੁਰ ਅਤੇ ਤਸਿੰਬਲੀ ਦੀ ਆਬਾਦੀ ਲਗਪਗ ਸੱਤ ਹਜ਼ਾਰ ਤੋਂ ਵੱਧ ਹੈ। ਇੱਥੇ ਸੈਂਕੜੇ ਲੋਕ ਡੇਂਗੂ ਤੋਂ ਪੀੜਤ ਹਨ, ਜਦੋਂਕਿ ਇਕ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਵੱਲੋਂ ਲਏ ਗਏ ਸੈਂਪਲ ਆਬਾਦੀ ਦੇ ਹਿਸਾਬ ਨਾਲ ਬਹੁਤ ਘੱਟ ਹਨ। ਉਨ੍ਹਾਂ ਸੈਂਪਲ ਲੈਣ ਦੀ ਸਮਰੱਥਾ ਵਧਾਉਣ ਅਤੇ ਪੀੜਤਾ ਦੇ ਮੁਫ਼ਤ ਇਲਾਜ ਕੀਤੇ ਜਾਣ ਦੀ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ।
ਐਸ.ਐਮ.ਓ ਡੇਰਾਬਸੀ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਡਾਕਟਰ ਈਸਾ ਵਰਮਾ ਦੀ ਅਗਵਾਈ ਹੇਠ ਇਕ ਟੀਮ ਪਿੰਡ ਦੇ ਲੋਕਾ ਦੇ ਸੈਂਪਲ ਲੈ ਰਹੀ ਹੈ ਤੇ ਫੋਗਿੰਗ ਵੀ ਕਰਵਾਈ ਜਾ ਰਹੀ ਹੈ। ਪੀੜਤ ਮਰੀਜ਼ਾਂ ਦੇ ਟੈਸਟ ਅਤੇ ਇਲਾਜ ਸਿਵਲ ਹਸਪਤਾਲ ਡੇਰਾਬਸੀ ’ਚ ਮੁਫ਼ਤ ਕੀਤਾ ਜਾ ਰਿਹਾ ਹੈ।