ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 6 ਜੁਲਾਈ
ਸਿਹਤ ਵਿਭਾਗ ਨੇ ਅੱਜ ਸੀਨੀਅਰ ਮੈਡੀਕਲ ਅਫਸਰ ਡਾ. ਧਰਮਿੰਦਰ ਸਿੰਘ ਦੀ ਅਗਵਾਈ ਵਿੱਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਡੇਂਗੂ ਜਾਗਰੂਕਤਾ ਰੈਲੀ ਕੱਢੀ। ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ‘ਮੇਰਾ ਹਲਕਾ, ਮੇਰੇ ਲੋਕ’ ਮੁਹਿੰਮ ਤਹਿਤ ਕੱਢੀ ਇਸ ਡੇਂਗੂ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਪਿੰਡ ਬਾਕਰਪੁਰ ਤੋਂ ਡੇਰਾ ਜਗਾਧਰੀ, ਈਸਾਪੁਰ, ਭਾਂਖਰਪੁਰ, ਤ੍ਰਿਵੇਦੀ ਕੈਂਪ, ਮੁਬਾਰਕਪੁਰ, ਮੀਰਪੁਰ ਅਤੇ ਹੈਬਤਪੁਰ ਤੋਂ ਹੁੰਦੀ ਹੋਈ ਪਿੰਡ ਸੈਦਪੁਰਾ ਆਮ ਆਦਮੀ ਕਲੀਨਿਕ ਪਹੁੰਚ ਕੇ ਸਮਾਪਤ ਹੋਈ। ਇਸ ਮੌਕੇ ਪੋਲੀਥੀਨ ਮੁਕਤ ਮੁਹਿੰਮ ਦਾ ਹੋਕਾ ਦੇਣ ਲਈ ਨਗਰ ਕੌਂਸਲ ਦੇ ਮੁਲਾਜ਼ਮ ਵੀ ਹਾਜ਼ਰ ਸਨ।
ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸਿਹਤ ਵਿਭਾਗ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ, ‘‘ਡੇਂਗੂ ਸਾਡੇ ਰਹਿਣ-ਸਹਿਣ ਅਤੇ ਆਦਤ ਦੀ ਬਿਮਾਰੀ ਹੈ। ਜੇ ਅਸੀਂ ਸਾਰੇ ਚੌਕਸ ਰਹੀਏ ਅਤੇ ਲੋੜੀਂਦੀ ਸਾਵਧਾਨੀ ਵਰਤੀਏ ਤਾਂ ਇਸ ਤੋਂ ਆਰਾਮ ਨਾਲ ਬਚਿਆ ਜਾ ਸਕਦਾ ਹੈ। ਡੇਂਗੂ ਬੁਖਾਰ ਫੈਲਾਉਣ ਵਾਲੇ ਮੱਛਰ ਨੂੰ ਪੈਦਾ ਹੋਣ ਤੋਂ ਰੋਕਣਾ ਹੀ ਇਸ ਬਿਮਾਰੀ ਤੋਂ ਬਚਣ ਦਾ ਕਾਰਗਰ ਤਰੀਕਾ ਹੈ।’’ ਉਨ੍ਹਾਂ ਆਪਣਾ ਆਲਾ-ਦੁਆਲਾ ਸਾਫ ਰੱਖਣ ਦੀ ਅਪੀਲ ਕੀਤੀ।