ਪੱਤਰ ਪ੍ਰੇਰਕ
ਬਨੂੜ, 21 ਅਪਰੈਲ
ਪਿੰਡ ਤਸੌਲੀ ਦੀ ਫਿਰਨੀ ਉੱਤੇ ਛੇ ਮਹੀਨੇ ਪਹਿਲਾਂ ਪਾਏ ਗਏ ਪੱਥਰ ਲੁੱਕ ਦੀ ਉਡੀਕ ਕਰ ਰਹੇ ਹਨ। ਪੱਥਰ ਉੱਖੜਨ ਲੱਗ ਗਏ ਹਨ, ਜਿਸ ਕਾਰਨ ਪਿੰਡ ਵਾਸੀ ਪ੍ਰੇਸ਼ਾਨ ਹਨ। ਪਿੰਡ ਵਾਸੀਆਂ ਨੇ ਫਿਰਨੀ ਉੱਤੇ ਤੁਰੰਤ ਪ੍ਰੀਮਿਕਸ ਪਾਏ ਜਾਣ ਦੀ ਮੰਗ ਕੀਤੀ ਹੈ। ਪਿੰਡ ਦੇ ਨੌਜਵਾਨਾਂ ਹਰਪ੍ਰੀਤ ਸਿੰਘ, ਪਰਵਿੰਦਰ ਸਿੰਘ, ਗੁਰਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਇਸ ਫ਼ਿਰਨੀ ਉੱਤੇ ਛੇ ਮਹੀਨੇ ਪਹਿਲਾਂ ਪੱਥਰ ਵਿਛਾਇਆ ਗਿਆ ਸੀ ਪਰ ਫ਼ਿਰਨੀ ਉੱਤੇ ਦੁਬਾਰਾ ਲੁੱਕ ਨਹੀਂ ਪਾਈ ਗਈ। ਉਨ੍ਹਾਂ ਕਿਹਾ ਕਿ ਵਿਛਾਏ ਗਏ ਪੱਥਰ ਉੱਖੜਨੇ ਆਰੰਭ ਹੋ ਗਏ ਹਨ ਅਤੇ ਦੁਪਹੀਆ ਵਾਹਨ ਚਾਲਕਾਂ ਨੂੰ ਭਾਰੀ ਔਖਿਆਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੌਜਵਾਨਾਂ ਨੇ ਦੱਸਿਆ ਕਿ ਇਸ ਫਿਰਨੀ ਉੱਤੋਂ ਪੂਰੇ ਪਿੰਡ ਦਾ ਲਾਂਘਾ ਹੈ ਤੇ ਇਸ ਉੱਤੇ ਪ੍ਰੀਮਿਕਸ ਨਾ ਪਾਏ ਜਾਣ ਕਾਰਨ ਸਾਰਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।