ਕਰਮਜੀਤ ਸਿੰਘ ਚਿੱਲਾ
ਬਨੂੜ, 25 ਮਈ
ਬਨੂੜ-ਲਾਂਡਰਾਂ ਕੌਮੀ ਮਾਰਗ ਉੱਤੇ ਪੈਂਦੇ ਪਿੰਡ ਸਨੇਟਾ ਤੋਂ ਦੁਰਾਲੀ ਨੂੰ ਜਾਣ ਵਾਲੀ ਸੰਪਰਕ ਸੜਕ ਉੱਤੇ ਲੋਕ ਨਿਰਮਾਣ ਵਿਭਾਗ ਪੱਥਰ ਪਾ ਕੇ ਲੁੱਕ ਪਾਉਣੀ ਭੁੱਲ ਗਿਆ ਹੈ। ਇੱਕ ਕਿਲੋਮੀਟਰ ਦੇ ਕਰੀਬ ਸੜਕੀ ਟੋਟੇ ਉੱਤੇ ਵਿਛਾਏ ਇਹ ਪੱਥਰ ਉੱਖੜ ਚੁੱਕੇ ਹਨ, ਜਿਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸੜਕ ਉੱਤੇ ਦਸੰਬਰ-ਜਨਵਰੀ ਮਹੀਨੇ ਵਿੱਚ ਪੱਥਰ ਪਾਏ ਗਏ ਸਨ। ਛੇ ਮਹੀਨੇ ਲੰਘਣ ਦੇ ਬਾਵਜੂਦ ਇਸ ਸੜਕ ਉੱਤੇ ਪ੍ਰੀਮਿਕਸ ਨਹੀਂ ਪਾਈ ਗਈ। ਸੜਕ ਦੇ ਪੱਥਰ ਉੱਖੜਨ ਕਾਰਨ ਦੋ ਪਹੀਆ ਵਾਹਨ ਚਾਲਕਾਂ ਨਾਲ ਰਾਤ ਸਮੇਂ ਕਈ ਹਾਦਸੇ ਵੀ ਵਾਪਰ ਚੁੱਕੇ ਹਨ। ਪਿੰਡ ਵਾਸੀਆਂ ਨੂੰ 104 ਸੈਕਟਰ ਜਾਂ ਪਿੰਡ ਦੈੜੀ ਰਾਹੀਂ ਘੁੰਮ ਕੇ ਆਉਣਾ ਪੈ ਰਿਹਾ ਹੈ। ਦੁਰਾਲੀ ਤੋਂ ਬਨੂੜ-ਲਾਂਡਰਾਂ ਕੌਮੀ ਮਾਰਗ ਨਾਲ ਜੁੜਨ ਲਈ ਇਹੀ ਇੱਕ ਸੜਕ ਹੈ ਤੇ ਇਸ ਰਸਤੇ ਤੋਂ ਮਨੌਲੀ ਜਾਣ ਲਈ ਵੀ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਨੇ ਇਸ ਸੜਕ ਦੇ ਪੱਥਰਾਂ ਉੱਤੇ ਤੁਰੰਤ ਪ੍ਰੀਮਿਕਸ ਪਾਏ ਜਾਣ ਦੀ ਮੰਗ ਕੀਤੀ ਹੈ।