ਹਰਜੀਤ ਸਿੰਘ
ਡੇਰਾਬੱਸੀ, 16 ਜੂਨ
ਸ਼ਹਿਰ ਵਿੱਚ ਲੰਘੀ ਸ਼ਾਮ ਤੇਜ਼ ਹਨੇਰੀ ਮਗਰੋਂ ਪਏ ਮੀਂਹ ਨਾਲ ਜਿਥੇ ਲੋਕਾਂ ਨੂੰ ਕਈਂ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਤੇਜ਼ ਹਨੇਰੀ ਅਤੇ ਮੀਂਹ ਕਈਂ ਮੁਸ਼ਕਲਾਂ ਵੀ ਨਾਲ ਲੈ ਕੇ ਆਇਆ ਹੈ। ਮੀਂਹ ਨਾਲ ਸ਼ਹਿਰ ਵਿੱਚ ਦਰਜਨ ਦੇ ਕਰੀਬ ਦਰੱਖ਼ਤ ਅਤੇ ਬਿਜਲੀ ਦੇ ਖੰਭੇ ਡਿੱਗ ਗਏ ਹਨ। ਮੀਂਹ ਨਾਲ ਸ਼ਹਿਰ ਦੀਆਂ ਵੱਖ ਵੱਖ ਸੜਕਾਂ ਦੀ ਹਾਲਤ ਵੀ ਖਸਤਾ ਬਣ ਗਈ। ਸਭ ਤੋਂ ਵਧ ਮਾੜੀ ਹਾਲਤ ਬਰਵਾਲਾ ਸੜਕ ਦੀ ਹੈ।
ਇਸ ਸੜਕ ਦੀ ਹਾਲਤ ਲੰਮੇਂ ਸਮੇ ਤੋਂ ਖਸਤਾ ਬਣੀ ਹੋਈ ਹੈ। ਮੁਰੰਮਤ ਨਾ ਹੋਣ ਕਾਰਨ ਇਥੇ ਵੱਡੇ ਵੱਡੇ ਟੋਏ ਪਏ ਹੋਏ ਹਨ। ਦੂਜੇ ਪਾਸੇ ਲੰਘੇ ਦਿਨੀਂ ਗੈਸ ਪਾਈਪਲਾਈਨ ਵਿਛਾਉਣ ਲਈ ਸੜਕ ਦੀ ਖੁਦਾਈ ਕੀਤੀ ਗਈ ਸੀ ਜਿਸ ਨਾਲ ਇਥੇ ਚਿੱਕੜ ਹੋ ਗਿਆ ਹੈ। ਮੀਂਹ ਨਾਲ ਇਨ੍ਹਾਂ ਖੱਡਿਆਂ ਵਿੱਚ ਪਾਣੀ ਭਰ ਗਿਆ ਜੋ ਵਾਹਨ ਚਾਲਕਾਂ ਲਈ ਹਾਦਸਿਆਂ ਦਾ ਸਬਬ ਬਣੇ ਰਹੇ। ਪਾਣੀ ਭਰਨ ਕਾਰਨ ਇਹ ਟੋਏ ਵਾਹਨ ਚਾਲਕਾਂ ਨੂੰ ਦਿਖਾਈ ਨਹੀਂ ਦਿੱਤੇ ਜਿਨ੍ਹਾਂ ਵਿੱਚ ਡਿੱਗ ਕੇ ਦਰਜਨਾਂ ਦੇ ਕਰੀਬ ਦੋ ਪਹੀਆ ਵਾਹਨ ਚਾਲਕ ਹਾਦਸੇ ਦਾ ਸ਼ਿਕਾਰ ਹੋ ਗਏ। ਚਿੱਕੜ ਹੋਣ ਕਾਰਨ ਵਾਹਨ ਚਾਲਕ ਇਥੇ ਤਿਲਕ ਕੇ ਡਿੱਗ ਰਹੇ ਹਨ। ਸਵੇਰ ਤੋਂ ਸ਼ਾਮ ਤੱਕ ਇਸ ਸੜਕ ’ਤੇ ਰਾਹਗੀਰਾਂ ਨੂੰ ਖੁਆਰੀ ਵੀ ਝੱਲਣੀ ਪਈ, ਪਰ ਪ੍ਰਸ਼ਾਸਨ ਨੇ ਕੋਈ ਕਦਮ ਨਹੀਂ ਚੁੱਕਿਆ। ਰਾਹਗੀਰਾਂ ਵਿੱਚ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਹੈ।
ਸੜਕ ਦੀ ਮੁਰੰਮਤ ਛੇਤੀ ਕਰਾਵਾਂਗੇ: ਰੈੱਡੀ
ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਰੈੱਡੀ ਨੇ ਕਿਹਾ ਕਿ ਛੇਤੀ ਹੀ ਸੜਕ ਦੀ ਮੁਰੰਮਤ ਕਰਵਾਈ ਜਾਏਗੀ ਤਾਂ ਜੋ ਰਾਹਗੀਰਾਂ ਨੂੰ ਪ੍ਰੇਸ਼ਾਨੀ ਨਾ ਝੱਲਣੀ ਪਏ।