ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 21 ਜੁਲਾਈ
ਪੰਜਾਬ ਅਤੇ ਹਰਿਆਣਾ ਨੂੰ ਜੋੜਦੀ ਖਸਤਾ ਹਾਲ ਡੇਰਾਬੱਸੀ-ਬਰਵਾਲਾ ਸੜਕ ਮੀਂਹ ਨੇ ਹੋਰ ਵਿਗਾੜ ਦਿੱਤੀ ਹੈ। ਇਸ ਸੜਕ ’ਤੇ ਪਏ ਵੱਡੇ ਵੱਡੇ ਟੋਇਆਂ ਵਿੱਚ ਡਿੱਗ ਕੇ ਰੋਜ਼ਾਨਾ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਇਥੇ ਅੱਜ ਫੀਡ ਦੀ ਬੋਰੀਆਂ ਨਾਲ ਭਰੀ ਟਰੈਕਟਰ ਟਰਾਲੀ ਪਲਟਣ ਕਾਰਨ ਬੋਰੀਆਂ ਖਿਲਰ ਗਈਆਂ, ਜਿਸ ਕਾਰਨ ਘੰਟਿਆਂਬੱਧੀ ਸੜਕ ’ਤੇ ਜਾਮ ਲੱਗ ਗਿਆ। ਇਥੇ ਲੰਘੇ ਕੱਲ੍ਹ ਵੀ ਤੂੜੀ ਨਾਲ ਭਰੀ ਇਕ ਟਰੈਕਟਰ ਟਰਾਲੀ ਪਲਟ ਗਈ ਸੀ। ਇਸ ਸੜਕ ’ਤੇ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਇਸ ਦੇ ਬਾਵਜੂਦ ਪ੍ਰਸ਼ਾਸਨ ਇਸ ਦੀ ਹਾਲਤ ਸੁਧਾਰਨ ਲਈ ਕੋਈ ਕਾਰਵਾਈ ਨਹੀਂ ਕਰ ਰਿਹਾ। ਜਾਣਕਾਰੀ ਅਨੁਸਾਰ ਇਸ ਸੜਕ ਦੇ ਕੰਢੇ ਤੋਂ ਗੈਸ ਪਾਈਪਲਾਈਨ ਵਿਛਾਉਣ ਲਈ ਇਸ ਦੀ ਖੁਦਾਈ ਕੀਤੀ ਗਈ ਸੀ, ਜਿਸਨੇ ਇਸਦੀ ਹਾਲਤ ਹੋਰ ਵਿਗਾੜ ਦਿੱਤੀ ਹੈ।ਇਸ ਮਾਮਲੇ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਰੈਡੀ ਨੇ ਕਿਹਾ ਕਿ ਮੀਂਹ ਘੱਟਣ ਮਗਰੋਂ ਇਸ ਸੜਕ ਦੀ ਹਾਲਤ ਸੁਧਾਰੀ ਜਾਵੇਗੀ।