ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 7 ਫਰਵਰੀ
ਸਾਬਕਾ ਮੇਅਰ ਕੁਲਵੰਤ ਸਿੰਘ ਨੇ ਅੱਜ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਆਜ਼ਾਦ ਗਰੁੱਪ ਅਤੇ ‘ਆਪ’ ਦੇ ਸਾਂਝੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਪਿੰਡ ਸ਼ਾਹੀਮਾਜਰਾ (ਵਾਰਡ ਨੰਬਰ-44) ਤੋਂ ਡਾ. ਬੀਰ ਸਿੰਘ ਬਾਜਵਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੀਆਂ ਚੋਣਾਂ ਵਿੱਚ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਸਾਰੇ ਪੂਰੇ ਕੀਤੇ ਗਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਸੇਵਾ ਭਾਵਨਾ ਨਾਲ ਸ਼ਹਿਰ ਦੇ ਵਿਕਾਸ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸ਼ਹਿਰ ਦੇ ਵਿਕਾਸ ਲਈ ਬਹੁਤੇ ਯਤਨ ਨਹੀਂ ਕੀਤੇ ਸਗੋਂ ਨਗਰ ਨਿਗਮ ਵੱਲੋਂ ਸਰਬਸੰਮਤੀ ਨਾਲ ਪਾਸ ਕੀਤੇ ਵਿਕਾਸ ਕੰਮਾਂ ਦੇ ਨੀਂਹ ਪੱਥਰ ਅਤੇ ਉਦਘਾਟਨ ਕਰਕੇ ਉਨ੍ਹਾਂ ਕੰਮਾਂ ਨੂੰ ਆਪਣੀਆਂ ਪ੍ਰਾਪਤੀਆਂ ਦੱਸੀਆਂ ਹਨ।
ਇਸ ਮੌਕੇ ‘ਆਪ’ ਆਗੂ ਵਿਨੀਤ ਵਰਮਾ ਅਤੇ ਪ੍ਰਭਜੋਤ ਕੌਰ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਆਮ ਨਾਗਰਿਕ ਰਵਾਇਤੀ ਪਾਰਟੀਆਂ ਤੋਂ ਕਿਨਾਰਾ ਕਰਕੇ ‘ਆਪ’ ਅਤੇ ਆਜ਼ਾਦ ਗਰੁੱਪ ਦੇ ਸਾਂਝੇ ਉਮੀਦਵਾਰਾਂ ਦੇ ਸਮਰਥਨ ਵਿੱਚ ਅੱਗੇ ਆ ਰਹੇ ਹਨ। ਇਸ ਦਾ ਅਸਰ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੀ ਦੇਖਣ ਨੂੰ ਮਿਲੇਗਾ।
ਕੁਰਾਲੀ (ਮਿਹਰ ਸਿੰਘ): ਇਥੋਂ ਦੇ ਵਾਰਡ ਨੰਬਰ 9 ਤੋਂ ਆਜ਼ਾਦ ਉਮੀਦਵਾਰ ਭਾਵਨਾ ਸ਼ਰਮਾ ਦੇ ਚੋਣ ਦਫ਼ਤਰ ਦਾ ਉਦਘਾਟਨ ਸਮਾਜ ਸੇਵੀ ਕਰਨਲ ਦੀਦਾਰ ਸਿੰਘ ਨੇ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਵਾਰਡ ਦੇ ਸਾਬਕਾ ਕੌਂਸਲਰ ਬਹਾਦਰ ਸਿੰਘ ਓਕੇ ਨੇ ਪਿਛਲੇ ਪੰਜ ਸਾਲਾਂ ਦੌਰਾਨ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਵਾਰਡ ਵਿੱਚ ਵਿਕਾਸ ਕਾਰਜ ਜਾਰੀ ਰੱਖਣ ਲਈ ਭਾਵਨਾ ਸ਼ਰਮਾ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸੇ ਦੌਰਾਨ ਜਸਵਿੰਦਰ ਸਿੰਘ ਗੋਲਡੀ, ਰਕੇਸ਼ ਕਾਲੀਆ, ਪ੍ਰਦੀਪ ਰੂੜਾ, ਜਥੇਦਾਰ ਤੇਜਪਾਲ ਸਿੰਘ ਅਤੇ ਡਾ. ਅਸ਼ਵਨੀ ਸ਼ਰਮਾ ਨੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਵਾਰਡ ਦੇ ਸਰਬਪੱਖੀ ਵਿਕਾਸ ਲਈ ਭਾਵਨਾ ਸ਼ਰਮਾ ਨੂੰ ਜਿਤਾ ਕੇ ਕੌਂਸਲ ਵਿੱਚ ਭੇਜਣ। ਆਜ਼ਾਦ ਉਮੀਦਵਾਰ ਭਾਵਨਾ ਸ਼ਰਮਾ ਨੇ ਵਾਰਡ ਦੇ ਸਰਬਪੱਖੀ ਵਿਕਾਸ ਦਾ ਵਾਅਦਾ ਕੀਤਾ। ਉਨ੍ਹਾਂ ਵਾਰਡ ਵਾਸੀਆਂ ਨੂੰ ‘ਟਰੈਕਟਰ’ ਦਾ ਬਟਨ ਦਬਾਉਣ ਦੀ ਅਪੀਲ ਕੀਤੀ।