ਹਰਦੇਵ ਚੌਹਾਨ
ਚੰਡੀਗੜ੍ਹ, 31 ਅਕਤੂਬਰ
ਨਾਰੀ ਸ਼ਕਤੀ ਜਾਗ੍ਰਿਤੀ ਸੁਸਾਇਟੀ ਵੱਲੋਂ ਇੱਥੇ ਬਾਬਾ ਭਾਗ ਸਿੰਘ ਸੱਜਣ ਯਾਦਗਾਰ ਭਵਨ ਵਿੱਚ ਢਾਹਾਂ ਐਵਾਰਡ ਜੇਤੂ ਲੇਖਿਕਾ ਡਾ. ਸਰਘੀ ਦਾ ਰੂ-ਬਰੂ ਸਮਾਗਮ ਕਰਵਾਇਆ ਗਿਆ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਦੀਪਤੀ ਬਬੂਟਾ ਅਤੇ ਤ੍ਰਿਪਤਾ ਕੇ ਸਿੰਘ ਨੇ ਦੱਸਿਆ ਕਿ ਸਰਘੀ ਦੀਆਂ ਕਹਾਣੀਆਂ ਸਮਾਜ ਦੇ ਕਈ ਰੰਗਾਂ ਨੂੰ ਪੇਸ਼ ਕਰਦੀਆਂ ਹਨ । ਇਨਾਮਾਂ ਦੇ ਜੁਗਾੜਵਾਦ ਬਾਰੇ ਪੁੱਛਣ ‘ਤੇ ਸਰਘੀ ਨੇ ਦੱਸਿਆ ਕਿ ਜੁਗਾੜਵਾਦ ਸਾਡੇ ਸਾਹਿਤਕ, ਰਾਜਨੀਤਕ ਅਤੇ ਵਿਦਿਅਕ ਖੇਤਰਾਂ ਵਿੱਚ ਬੁਰੀ ਤਰ੍ਹਾਂ ਫੈਲ ਚੁੱਕਾ ਹੈ। ਸਰਦਾਰਾ ਸਿੰਘ ਚੀਮਾ ਨੇ ਕਿਹਾ ਕਿ ਇਹ ਕਹਾਣੀਕਾਰ ‘ਲਾਂਬੂ’ ਕਹਾਣੀ ਵਿਚ ਵੱਡੇ ਵਰਤਾਰੇ ਨੂੰ ਹੱਥ ਪਾਉਂਦੀ ਹੈ ਤੇ ਮਾੜੇ ਅਨਸਰਾਂ ਨੂੰ ਲਾਂਬੂ ਲਾਉਣ ਤੀਕ ਜਾਂਦੀ ਹੈ। ਦਵਿੰਦਰ ਦਮਨ, ਡਾ. ਸਿਮਰਨ ਅਕਸ ਅਤੇ ਕਮਲ ਦੁਸਾਂਝ ਨੇ ਸਰਘੀ ਦੀ ਲੇਖਣੀ ਦੀ ਸਿਫ਼ਤ, ਸਲਾਹੁਤ ਕੀਤੀ। ਬਲਕਾਰ ਸਿੱਧੂ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੰਜਾਬੀ ਨਾਲ ਨਿਰੰਤਰ ਵਿਤਕਰਾ ਕੀਤੇ ਜਾਣ ਦੇ ਰੋਸ ਵਜੋਂ ਪਹਿਲੀ ਨਵੰਬਰ ਨੂੰ ‘ਕਾਲਾ ਦਿਵਸ’ ਮਨਾਉਣ ਦਾ ਸੱਦਾ ਦਿੱਤਾ। ਕਾਮਲ ਸੇਖੋਂ, ਸਿੰਮੀਪ੍ਰੀਤ ਕੌਰ, ਪਰਮਜੀਤ ਦਿਉਲ, ਰਮਨ ਸੰਧੂ, ਇੰਦਰਜੀਤ ਭਾਟੀਆ, ਗੁਲ ਚੌਹਾਨ, ਕਿਰਨ ਬੇਦੀ, ਬਲਬੀਰ ਕੌਰ ਰੀਹਲ ਅਤੇ ਕੁਲਵਿੰਦਰ ਸਿੰਘ ਆਦਿ ਨੇ ਸਮਾਗਮ ਵਿਚ ਹਾਜ਼ਰੀ ਲਗਵਾਈ ।