ਸਰਬਜੀਤ ਸਿੰਘ ਭੱਟੀ
ਲਾਲੜੂ, 14 ਅਕਤੂਬਰ
ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਜੱਥੇਬੰਦੀਆਂ ਅਤੇ ਇਲਾਕੇ ਦੇ ਨੌਜਵਾਨਾਂ ਵਲੋਂ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਦੱਪਰ ਟੌਲ ਪਲਾਜ਼ਾ ਉਤੇ ਅਣਮਿੱਥੇ ਸਮੇਂ ਲਈ ਦਿੱਤਾ ਜਾ ਰਿਹਾ ਧਰਨਾ ਜਾਰੀ ਰੱਖਿਆ ਜਿਸ ਵਿੱਚ ਕਿਸਾਨ ਜੱਥੇਬੰਦੀਆਂ ਤੋਂ ਇਲਾਵਾ ਸਿਆਸੀ ਅਤੇ ਸਮਾਜਿਕ ਜੱਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ। ਟੌਲ ਪਲਾਜ਼ੇ ਤੋਂ ਬਿਨਾ ਟੌਲ ਦਿੱਤੇ ਅੱਜ ਵੀ ਵਾਹਨ ਲੰਘਦੇ ਰਹੇ ਅਤੇ ਕਿਸਾਨ ਸਾਂਤਮਈ ਢੰਗ ਨਾਲ ਆਪਣਾ ਧਰਨਾ ਦਿੰਦੇ ਰਹੇ। ਕਿਸਾਨਾ ਵਲੋਂ ਰੇਲ ਪੱਟੜੀਆਂ ਲਾਲੜੂ ਚ ਦਿੱਤਾ ਜਾ ਰਿਹਾ ਰੋਸ ਧਰਨਾ ਅੱਜ 14ਵੇਂ ਦਿਨ ਵਿੱਚ ਦਾਖਲ ਹੋ ਗਿਆ। ਇਸ ਮੌਕੇ ਕਿਸਾਨ ਆਗੂ ਕਰਮ ਸਿੰਘ ਬਰੌਲੀ, ਸਰਪੰਚ ਮੇਜਰ ਸਿੰਘ ਪਰਾਗਪੁਰ, ਪਰਮਿੰਦਰ ਸਰਵਾਰਾ, ਗੁਰਪ੍ਰੀਤ ਸਿੰਘ ਜਾਸਤਨਾ ਕਲਾਂ, ਗੁਰਵਿੰਦਰ ਟਿਵਾਣਾ, ਧਰਮਿੰਦਰ ਸਿੰਘ ਸੈਣੀ, ਹੈਪੀ ਕੁਰਲੀ ਆਦਿ ਨੇ ਸੰਬੋਧਨ ਕੀਤਾ। ਟੌਲ ਪਲਾਜ਼ਾ ਦੱਪਰ ਦੇ ਅਧਿਕਾਰੀ ਦੀਪਕ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦੇ ਟੌਲ ਰਾਹੀਂ ਇਕ ਦਿਨ ਵਿੱਚ ਲਗਪਗ 35 ਹਜ਼ਾਰ ਗੱਡੀਆਂ ਲੰਘਦੀਆਂ ਹਨ, ਜਿਸ ਦੇ ਚਲਦਿਆਂ ਹਰ ਰੋਜ਼ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋ ਰਿਹਾ ਹੈ।
ਬਨੂੜ (ਕਰਮਜੀਤ ਸਿੰਘ ਚਿੱਲਾ): ਇੱਥੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ਉੱਤੇ ਪੈਂਦੇ ਪਿੰਡ ਅਜ਼ੀਜ਼ਪੁਰ ਦੇ ਟੌਲ ਪਲਾਜ਼ੇ ਉੱਤੇ ਚੌਥੇ ਦਿਨ ਵੀ ਕਿਸਾਨਾਂ ਦਾ ਕਬਜ਼ਾ ਰਿਹਾ। ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਟੁੱਟਣ ਦੀ ਖ਼ਬਰ ਮਗਰੋਂ ਧਰਨਾਕਾਰੀਆਂ ਨੇ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਐਲਾਨ ਕੀਤਾ ਕਿ ਜਦੋਂ ਤੱਕ ਕੇਂਦਰੀ ਖੇਤੀ ਕਾਨੂੰਨ ਵਾਪਸ ਨਹੀਂ ਕੀਤੇ ਜਾਂਦੇ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਕਿਸਾਨਾਂ ਦੇ ਧਰਨੇ ਕਾਰਨ ਟੌਲ ਪਲਾਜ਼ੇ ਉੱਤੇ ਟੌਲ ਵਸੂਲਣ ਦਾ ਕੰਮ ਅੱਜ ਚੌਥੇ ਦਿਨ ਵੀ ਠੱਪ ਰਿਹਾ ਅਤੇ ਸਮੁੱਚੇ ਵਾਹਨ ਦੋਵੇਂ ਪਾਸੇ ਬਣੇ ਹੋਏ ਐਮਰਜੈਂਸੀ ਸਰਵਿਸ ਰੋਡ ਨੂੰ ਮੁਫ਼ਤ ਲੰਘਦੇ ਰਹੇ। ਟੌਲ ਤੇੇ ਲੱਗੇ ਧਰਨੇ ਵਿੱਚ ਅੱਜ ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ ਦੇ ਇੱਕ ਵਫ਼ਦ ਨੇ ਪ੍ਰੋ ਬਲਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਹੇਠ ਸ਼ਿਰਕਤ ਕੀਤੀ। ਸ੍ਰੀ ਟਿਵਾਣਾ ਨੇ ਇਸ ਮੌਕੇ ਬੋਲਦਿਆਂ ਕਿਸਾਨੀ ਬਿਲਾਂ ਨੂੰ ਪੰਜਾਬ ਦੇ ਕਿਸਾਨਾਂ ਲਈ ਬੇਹੱਦ ਘਾਤਕ ਦੱਸਿਆ। ਬਨੂੜ ਦੇ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਦਿਲਬਾਗ ਸਿੰਘ ਵੱਲੋਂ ਧਰਨਾਕਾਰੀਆਂ ਲਈ ਚਾਹ ਅਤੇ ਲੰਗਰਾਂ ਦੀ ਸੇਵਾ ਅੱਜ ਵੀ ਜਾਰੀ ਰਹੀ ਤੇ ਉਨ੍ਹਾਂ ਖੁਦ ਵੀ ਧਰਨੇ ਵਿੱਚ ਸ਼ਿਰਕਤ ਕੀਤੀ। ਬਨੂੜ ਪੁਲੀਸ ਦੇ ਮੁਲਾਜ਼ਮ ਵੀ ਇੱਥੇ ਲਗਾਤਾਰ ਤਾਇਨਾਤ ਹਨ। ਧਰਨੇ ਨੂੰ ਅੱਜ ਕਿਸਾਨ ਯੂਨੀਅਨ ਏਕਤਾ-ਸਿੱਧੂਪੁਰ ਦੇ ਆਗੂ ਹਰਜੀਤ ਸਿੰਘ ਟਹਿਲਪੁਰਾ, ਜਸਵੰਤ ਸਿੰਘ ਨੰਡਿਆਲੀ, ਤਰਲੋਚਨ ਸਿੰਘ, ਨੌਜਵਾਨ ਆਗੂ ਹਰਮਿੰਦਰ ਸਿੰਘ ਰਾਮਪੁਰ ਕਲਾਂ ਆਦਿ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਬਨੂੜ-ਰਾਜਪੁਰਾ ਮਾਰਗ ’ਤੇ ਪਿੰਡ ਜੰਗਪੁਰਾ ਦੇ ਰਿਲਾਇੰਸ ਪੰਪ ’ਤੇ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਕਿਸਾਨਾਂ ਨੇ ਲਗਾਏ ਪੱਕੇ ਬਿਸਤਰੇ਼
ਬਨੂੜ: ਅਜ਼ੀਜ਼ਪੁਰ ਟੌਲ ਪਲਾਜ਼ੇ ਉੱਤੇ ਟੌਲ ਪਲਾਜ਼ੇ ਦਾ ਘਿਰਾਓ ਕਰ ਰਹੇ ਕਿਸਾਨਾਂ ਨੇ ਇੱਥੇ ਪੱਕੇ ਬਿਸਤਰੇ ਲਗਾ ਲਏ ਹਨ। ਕਿਸਾਨਾਂ ਵੱਲੋਂ ਟੌਲ ਪਲਾਜ਼ੇ ਵਿਚਲੀਆਂ ਸੜਕਾਂ ਉੱਤੇ ਗੱਦੇ ਵਿਛਾਏ ਹੋਏ ਹਨ। ਦਿਨ ਸਮੇਂ ਧਰਨਾਕਾਰੀ ਇਨ੍ਹਾਂ ਉੱਤੇ ਬੈਠਦੇ ਹਨ ਤੇ ਰਾਤ ਨੂੰ ਇਨ੍ਹਾਂ ਨੂੰ ਸੌਣ ਲਈ ਵਰਤਦੇ ਹਨ। ਟੌਲ ਇਕੱਤਰ ਕਰਨ ਵਾਲੀ ਕੰਪਨੀ ਦੇ ਮੈਨੇਜਰ ਦਾ ਕਹਿਣਾ ਹੈ ਕਿ ਤਿੰਨ ਦਿਨਾਂ ਦੌਰਾਨ ਟੌਲ ਵਸੂਲੀ ਦਾ ਵੀਹ ਲੱਖ ਦੇ ਕਰੀਬ ਦਾ ਨੁਕਸਾਨ ਹੋ ਗਿਆ ਹੈ।