ਪੰਚਕੂਲਾ: ਬਰਸਾਤਾਂ ਦੇ ਕਾਰਨ ਇਥੋਂ ਦੇ ਕਈ ਸੈਕਟਰਾਂ ਵਿੱਚ ਗੰਧਲੇ ਪਾਣੀ ਦੀ ਸਮੱਸਿਆ ਆ ਰਹੀ ਹੈ। ਲੋਕ ਸਵੇਰੇ-ਸ਼ਾਮ ਸਰਕਾਰੀ ਟੂਟੀਆਂ ਵਿੱਚੋਂ ਗੰਧਲਾ ਪਾਣੀ ਪੀਣ ਲਈ ਮਜਬੂਰ ਹਨ। ਸੈਕਟਰ-7, 8 ਵਿੱਚ ਇਹ ਸਮੱਸਿਆ ਕਈ ਮਹੀਨਿਆਂ ਤੋਂ ਜਾਰੀ ਹੈ। ਸੈਕਟਰ-26 ਵਿੱਚ ਰਹਿਣ ਵਾਲੇ ਲੋਕਾਂ ਨੂੰ ਪਿਛਲੇ 20 ਦਿਨਾਂ ਤੋਂ ਗੰਦੇ ਪਾਣੀ ਦੀ ਸਪਲਾਈ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਪਾਣੀ ਸਪਲਾਈ ਹੁੰਦਾ ਹੈ ਤਾਂ ਪਾਣੀ ਗੰਧਲਾ ਆਉਂਦਾ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਡੰਪਿੰਗ ਗਰਾਊਂਡ ਦੇ ਕਚਰੇ ਕਾਰਨ ਆਈ ਹੈ ਕਿਉਂਕਿ ਕਚਰੇ ਕਾਰਨ ਜ਼ਮੀਨੀ ਪਾਣੀ ਖਰਾਬ ਹੋ ਗਿਆ ਹੈ। ਇਲਾਕਾ ਵਾਸੀਆਂ ਨੇ ਇਸ ਸਮੱਸਿਆ ਦੇ ਫੌਰੀ ਹੱਲ ਲਈ ਨਗਰ ਨਿਗਮ ਨੂੰ ਕੋਈ ਠੋਸ ਕਦਮ ਚੁੱਕਣ ਦੀ ਮੰਗ ਕੀਤੀ ਹੈ। -ਪੱਤਰ ਪ੍ਰੇਰਕ