ਸਾਹਿਤ ਪ੍ਰਤੀਨਿਧ
ਚੰਡੀਗੜ੍ਹ, 7 ਮਾਰਚ
ਸਾਹਿਤ ਚਿੰਤਨ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਡਾ. ਮਨਮੋਹਨ ਦੀ ਪ੍ਰਧਾਨਗੀ ਹੇਠ ਹੋਈ। ਡਾ. ਸਰਘੀ ਦੇ ਢਾਹਾਂ ਪੁਰਸਕਾਰ ਨਾਲ ਸਨਮਾਨਿਤ ਕਹਾਣੀ ਸੰਗ੍ਰਹਿ ‘ਆਪਣੇ ਆਪਣੇ ਮਰਸੀਏ’ ਬਾਰੇ ਸੰਖੇਪ ਚਰਚਾ ਕਰਦਿਆਂ ਡਾ. ਸੁਮਨਦੀਪ ਕੌਰ ਨੇ ਕਿਹਾ ਕਿ ਇਹ ਉੱਚ ਮੱਧ ਵਰਗ ਦੇ ਖੰਡਤ ਹੋ ਰਹੇ ਬੰਦੇ ਦੀਆਂ ਕਹਾਣੀਆਂ ਹਨ। ਡਾ. ਨਵਨੀਤ ਕੌਰ ਨੇ ਪੁਸਤਕ ਬਾਰੇ ਬਹਿਸ ਸ਼ੁਰੂ ਕੀਤੀ। ਸ਼ਬਦੀਸ਼ ਨੇ ਕਿਹਾ ਕਿ ਕਹਾਣੀਆਂ ਸਵੈ-ਜੀਵਨੀ ਵਾਂਗ ਪ੍ਰਭਾਵਿਤ ਕਰਦੀਆਂ ਹਨ। ਜੋਗਿੰਦਰ ਸਿੰਘ ਨੇ ਕਿਹਾ ਕਿ ਪਰਿਵਾਰ ਤੇ ਸਮਾਜ ਅੰਦਰ ਔਰਤ ਦੀਆਂ ਬਹੁਤ ਸਮੱਸਿਆਵਾਂ ਹਨ। ਜਮਾਤੀ ਨਜ਼ਰੀਏ ਨਾਲ ਲੋਕ ਲਹਿਰ ਉਸਾਰ ਕੇ ਹੀ ਇਸ ਦਾ ਹੱਲ ਸੰਭਵ ਹੈ।
ਡਾ. ਹਜਾਰਾ ਸਿੰਘ ਚੀਮਾ ਨੇ ਕਿਹਾ ਕਿ ਕਹਾਣੀਆਂ ਵਿਚ ਔਰਤ, ਮਰਦ ਦੇ ਅਸਾਵੇਂ ਰਿਸ਼ਤੇ ਕਈ ਗੁੰਝਲਾਂ ਪੈਦਾ ਕਰਦੇ ਹਨ। ਡਾ. ਕਾਂਤਾ, ਅਭੈ ਸਿੰਘ ਸੰਧੂ, ਪਰਮਿੰਦਰ ਸਿੰਘ ਗਿੱਲ, ਡਾ. ਰਾਜੇਸ਼ ਜਸਵਾਲ, ਦੀਪਤੀ ਬਬੂਟਾ, ਜੰਗ ਬਹਾਦਰ ਗੋਇਲ ਨੇ ਵੀ ਆਪਣੇ ਵਿਚਾਰ ਰੱਖੇ। ਡਾ. ਮਨਮੋਹਨ ਨੇ ਕਿਹਾ ਕਿ ਕਹਾਣੀਆਂ ਅੰਦਰ ਲੋਕਧਾਰਾ ਦੇ ਝਲਕਾਰੇ ਹਨ। ਧਰਮ ਤੇ ਪਿੱਤਰ ਸੱਤਾ ਦੇ ਗਲਬੇ ਵਿਚੋਂ ਔਰਤ ਨੂੰ ਬਾਹਰ ਆਉਣਾ ਪਵੇਗਾ। ਮੀਟਿੰਗ ਦੇ ਸ਼ੁਰੂ ਵਿੱਚ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਦਰਸ਼ਨ ਤਿਉਣਾ ਨੇ ਦੋ ਗੀਤ ਵੀ ਤਰੱਨਮ ਵਿਚ ਪੇਸ਼ ਕੀਤੇ।