ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਜੂਨ
ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ, ਚੰਡੀਗੜ੍ਹ ਵੱਲੋਂ ‘ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਪੱਤਰਕਾਰੀ ਅਤੇ ਸਾਹਿਤਕ ਸਾਂਝ’ ’ਤੇ ਇੱਥੇ ਕੇਂਦਰੀ ਸਿੰਘ ਸਭਾ ’ਚ ਵਿਚਾਰ ਚਰਚਾ ਕਰਵਾਈ ਗਈ। ਸੈਮੀਨਾਰ ਵਿੱਚ ਵਿਸ਼ਵ ਪੰਜਾਬ ਕਾਨਫਰੰਸ (ਇੰਡੀਅਨ ਚੈਪਟਰ) ਦੇ ਚੇਅਰਮੈਨ ਡਾ. ਦੀਪਕ ਮਨਮੋਹਨ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ, ਜਦਕਿ ਸਮਾਗਮ ਦੀ ਪ੍ਰਧਾਨਗੀ ਯੂਨੀਅਨ ਦੇ ਸੂਬਾ ਪ੍ਰਧਾਨ ਬਲਬੀਰ ਜੰਡੂ ਤੇ ਜੈ ਸਿੰਘ ਛਿੱਬਰ ਨੇ ਕੀਤੀ। ਇਸ ਮੌਕੇ ਬੁੱਧੀਜੀਵੀਆਂ ਨੇ ਕਿਹਾ ਕਿ ਸਾਲ 1947 ਦੇ ਹੱਲਿਆਂ ਵਿੱਚ ਦੇਸ਼ ਦੀ ਹੀ ਵੰਡ ਨਹੀਂ ਹੋਈ ਬਲਕਿ ਪੰਜਾਬ ਵੰਡਿਆ ਗਿਆ ਹੈ, ਸਾਰੇ ਬੁੱਧੀਜੀਵੀਆਂ ਨੇ ਦੋਵਾਂ ਪੰਜਾਬਾਂ ਨੂੰ ਮੁੜ ਇਕ ਕਰਨ ਲਈ ਜੱਦੋ-ਜਹਿਦ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਯੂਨੀਅਨ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਜੈ ਸਿੰਘ ਛਿੱਬਰ ਨੇ ਯੂਨੀਅਨ ਵਲੋਂ ਪੱਤਰਕਾਰਾਂ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੱੱਤੀ।
ਡਾ. ਦੀਪਕ ਮਨਮੋਹਨ ਸਿੰਘ ਨੇ ਪਾਕਿਸਤਾਨ ਫੇਰੀ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਜਗਤਾਰ ਸਿੰਘ ਭੁੱਲਰ ਨੇ ਵੀ ਲੰਹਿਦੇ ਪੰਜਾਬ ਦੀ ਫੈਰੀ ਦੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਦੋਵਾਂ ਪੰਜਾਬਾਂ ਦੇ ਲੋਕਾਂ ਦੀ ਬੋਲੀ ਇਕ ਹੈ, ਕਈਆਂ ਦੇ ਪਿਛੋਕੜ ਇਕ ਪਿੰਡ ਜਾਂ ਸ਼ਹਿਰ ਨਾਲ ਸਬੰਧਿਤ ਹਨ, ਉਸ ਦੇ ਬਾਵਜੂਦ ਸਾਡੀਆਂ ਸਰਕਾਰਾਂ ਦੋਵਾਂ ਪੰਜਾਬਾਂ ਦੇ ਲੋਕਾਂ ਨੂੰ ਇਕੱਠੇ ਨਹੀਂ ਹੋਣ ਦੇਣਾ ਚਾਹੁੰਦੀਆਂ।
ਇਸ ਮੌਕੇ ਸੁਸ਼ੀਲ ਦੋਸਾਂਝ ਨੇ ਕਿਹਾ ਕਿ ਭਵਿੱਖ ਵਿੱਚ ਲੰਹਿਦੇ ਅਤੇ ਚੜ੍ਹਦੇ ਪੰਜਾਬ ਵਿੱਚ ਆਪਸੀ ਤਾਲਮੇਲ ਲਈ ਵੱਡੇ ਪੱਧਰ ’ਤੇ ਕੰਮ ਕਰਨ ਦੀ ਲੋੜ ਹੈ। ਸੈਮੀਨਾਰ ਵਿੱਚ ਖੁਸ਼ਹਾਲ ਸਿੰਘ ,ਜਨਰਲ ਸਕੱਤਰ ਬਿੰਦੂ ਸਿੰਘ,ਦੀਪਕ ਸ਼ਰਮਾ ਚਨਾਰਥਲ, ਭੁਪਿੰਦਰ ਸਿੰਘ ਮਲਿਕ , ਗੁਰਉਪਦੇਸ਼ ਭੁੱਲਰ, ਅਜਾਇਬ ਔਜਲਾ,ਐਡਵੋਕੇਟ ਮਨਜੀਤ ਸਿੰਘ ਖਹਿਰਾ , ਨਲਿਨ ਅਚਾਰੀਆ , ਹਰਬੰਸ ਸਿੰਘ ਸੋਢੀ, ਮੇਜਰ ਸਿੰਘ ਅਤੇ ਰਾਜਵਿੰਦਰ ਸਿੰਘ ਰਾਹੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।