ਹਰਦੇਵ ਚੌਹਾਨ
ਚੰਡੀਗੜ੍ਹ, 24 ਮਈ
‘ਚੰਡੀਗੜ੍ਹ ਸਕੂਲ ਆਫ ਪੋਇਟਰੀ ਕ੍ਰਿਟੀਸਿਜ਼ਮ’ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਦਲਵੀਰ ਕੌਰ ਦੇ ਕਾਵਿ ਸੰਗ੍ਰਹਿ ‘ਚਿਤਵਣੀ’ ਤੇ ਕੰਵਰਦੀਪ ਦੀ ਪੁਸਤਕ ‘ਮਨ ਰੰਗੀਆਂ ਚਿੜੀਆਂ’ ਉੱਤੇ ਵਿਚਾਰ ਚਰਚਾ ਕਰਵਾਈ ਗਈ। ਸੰਸਥਾ ਦੇ ਸੰਸਥਾਪਕ ਡਾ. ਯੋਗ ਰਾਜ ਨੇ ‘ਚਿਤਵਣੀ’ ਬਾਰੇ ਕਿਹਾ ਕਿ ਜਿਹੜੀ ਕਵਿਤਾ ਸਮਾਜਿਕ ਸਰੋਕਾਰਾਂ ਨਾਲ ਲਬਰੇਜ਼ ਹੁੰਦੀ ਹੈ, ਉਹੀ ਕਵਿਤਾ ਹੁੰਦੀ ਹੈ ਅਤੇ ਸੁਆਲ ਖੜ੍ਹੇ ਕਰਦੀ ਹੈ। ਕੰਵਰਦੀਪ ਦੀ ਕਵਿਤਾ ਬਾਬਤ ਉਨ੍ਹਾਂ ਕਿਹਾ ਕਿ ਨਵੇਂ ਕਵੀ ਨਵੇਂ ਤਰੀਕੇ ਨਾਲ ਗੱਲ ਕਰ ਰਹੇ ਹਨਅਤੇ ਇਨ੍ਹਾਂ ਦੀ ਕਵਿਤਾ ਦਿਮਾਗੀ ਚੱਕਰ ਵਿੱਚ ਵੀ ਪਾਉਂਦੀ ਹੈ।
ਡਾ. ਸਰਬਜੀਤ ਸਿੰਘ ਨੇ ‘ਚਿਤਵਣੀ’ ਬਾਰੇ ਕਿਹਾ ਕਿ ਲੇਖਿਕਾ ਦੀ ਕਾਵਿ-ਭਾਸ਼ਾ ਵਿੱਚ ਵਿਕਾਸ ਹੋਇਆ ਹੈ ਤੇ ਮਸਲਿਆਂ ਬਾਰੇ ਗੱਲ ਕਰਨ ਦੇ ਸਮਰੱਥ ਹੋਈ ਹੈ। ਡਾ. ਪ੍ਰਵੀਨ ਨੇ ਕਿਹਾ ਕਿ ਚਿਤਵਣੀ ਨਿਰੋਲ ਅਨੁਭਵ ਅਤੇ ਰਾਗ ਦੀ ਕਵਿਤਾ ਹੈ। ਸੰਸਥਾ ਦੇ ਸਰਪ੍ਰਸਤ ਕਵੀ ਅਤੇ ਆਲੋਚਕ ਡਾ. ਮਨਮੋਹਨ ਨੇ ਕਿਹਾ ਕਿ ‘ਚਿਤਵਣੀ’ ਦੀ ਕਵਿਤਾ ਵਿੱਚ ਚਿੰਤਨ ਤੇ ਵਿਚਾਰਕ ਮੰਚ ਦੀ ਪਰਤ ਦਿਖਾਈ ਦਿੰਦੀ ਹੈ। ‘ਮਨ ਰੰਗੀਆਂ ਚਿੜੀਆਂ’ ਬਾਰੇ ਉਨ੍ਹਾਂ ਕਿਹਾ ਕਿ ਇਹ ਪ੍ਰਮਾਣਿਕ ਅਨੁਭਵ ਦੀ ਕਵਿਤਾ ਹੈ। ਕਵੀ ਵਿੱਚ ਬੇਸ਼ੁਮਾਰ ਸੰਭਾਵਨਾਵਾਂ ਮੌਜੂਦ ਹਨ। ਡਾ. ਸੁਖਦੇਵ ਸਿਰਸਾ ਨੇ ਕਿਹਾ ਕਿ ਸਾਰੇ ਵਿਦਵਾਨਾਂ ਨੇ ਕਿਤਾਬਾਂ ਬਾਰੇ ਬਹੁਤ ਭਾਵਪੂਰਤ ਗੱਲਾਂ ਕੀਤੀਆਂ। ਉਨ੍ਹਾਂ ਕਿਹਾ ਕਿ ਦਲਵੀਰ ਵਾਂਗ ਵਿਦੇਸ਼ਾਂ ਵਿੱਚ ਔਰਤ ਪੂਰਨ ਤੌਰ ’ਤੇ ਸੁਤੰਤਰ ਹੈ ਤੇ ਇਹ ਕਵਿਤਰੀ ਆਪਣੀ ਕਵਿਤਾ ਰਾਹੀਂ ਔਰਤ ਨੂੰ ਇਕ ਨਵੀਂ ਪਛਾਣ ਦੇ ਰਹੀ ਹੈ।