ਸਾਹਿਤ ਪ੍ਰਤੀਨਿਧ
ਚੰਡੀਗੜ੍ਹ, 2 ਮਈ
ਸਾਹਿਤ ਚਿੰਤਨ, ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਡਾ. ਅਰੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ। ਕਮਲੇਸ਼ ਵੱਲੋਂ ਸੰਪਾਦਤ ਪੁਸਤਕ ‘ਆਜ਼ਾਦੀ: ਸੁਪਨੇ ਤੋਂ ਸੱਚ ਤੱਕ’ ਬਾਰੇ ਸੰਖੇਪ ਚਰਚਾ ਕਰਦਿਆਂ ਪ੍ਰੋ. ਸਰਬਜੀਤ ਕੌਰ ਬਾਵਾ ਨੇ ਕਿਹਾ ਕਿ ਇਹ ਪੰਜਾਬੀ ਯੂਨੀਵਰਸਿਟੀ ਵਿੱਚ ਕੁੜੀਆਂ ਦੇ ਹੋਸਟਲਾਂ ਦੀ ਸਮਾਂਬੰਦੀ ਖ਼ਿਲਾਫ਼ 2018 ਵਿੱਚ ਹੋਏ ਇਤਿਹਾਸਕ ਸੰਘਰਸ਼ ਦਾ ਦਸਤਾਵੇਜ਼ ਹੈ। ਇਸ ਵਿੱਚ ਦੋ ਦਰਜਨ ਤੋਂ ਉਪਰ ਵਿਦਵਾਨਾਂ ਦੇ ਭਾਸ਼ਣ ਤੇ ਲਿਖਤਾਂ ਸ਼ਾਮਲ ਹਨ। ਪ੍ਰੋ. ਜਸਪ੍ਰੀਤ ਕੌਰ ਨੇ ਕਿਹਾ ਕਿ ਯੂਨੀਵਰਸਿਟੀ ਸਮਾਜ ਤੋਂ ਵੱਡੀ ਨਹੀਂ ਹੁੰਦੀ। ਨਿੱਕੀਆਂ ਆਜ਼ਾਦੀਆਂ ਲੈਣ ਲਈ ਔਰਤ ਨੂੰ ਵੱਡੇ ਮੁੱਲ ਤਾਰਨੇ ਪੈ ਰਹੇ ਹਨ। ਇਹ ਲਿੰਗਕ ਤੇ ਜਾਤੀ ਵਿਤਕਰਿਆਂ ਦਾ ਯੁੱਗ ਨਹੀਂ ਹੈ। ਸ਼ਬਦੀਸ਼ ਨੇ ਕਿਹਾ ਕਿ ਕੁੜੀਆਂ ਨੂੰ ਸੂਰਜ ਛਿਪਣ ਤੋਂ ਪਿਛੋਂ ਵੀ ਸਰਗਰਮੀਆਂ ਵਿੱਚ ਹਿੱਸਾ ਲੈਣ ਦਾ ਅਧਿਕਾਰ ਹੈ। ਜਸਵੰਤ ਸਿੰਘ ਨੇ ਕਿਹਾ ਕਿ ਜਿਹੜੀ ਆਜ਼ਾਦੀ ਬੰਦਾ ਆਪ ਮਾਨਣਾ ਚਾਹੁੰਦਾ ਹੈ, ਉਹ ਆਪਣੀ ਧੀ ਭੈਣ ਨੂੰ ਵੀ ਦੇਵੇ। ਡਾ. ਕਾਂਤਾ ਇਕਬਾਲ ਨੇ ਕਿਹਾ ਕਿ ਸਮਾਜਿਕ ਵਿਕਾਸ ਵਿੱਚ ਔਰਤ ਦੀ ਅਹਿਮ ਭੂਮਿਕਾ ਹੈ। ਨਵੀਂ ਪੀੜ੍ਹੀ ਆਪਣੇ ਉਦੇਸ਼ਾਂ ਤੇ ਆਦਰਸ਼ਾਂ ਪ੍ਰਤੀ ਬਹੁਤ ਜਾਗਰੂਕ ਹੋ ਰਹੀ ਹੈ। ਅਭੈ ਸਿੰਘ ਸੰਧੂ ਨੇ ਕਿਹਾ ਕਿ ਬੇਲੋੜੀਆਂ ਬੰਧਸ਼ਾਂ ਖਿਲਾਫ਼ ਸੰਘਰਸ਼ ਜ਼ਰੂਰ ਹੋਣੇ ਚਾਹੀਦੇ ਹਨ।
ਡਾ. ਹਜ਼ਾਰਾ ਸਿੰਘ ਚੀਮਾ ਨੇ ਕਿਹਾ ਕਿ ਬੰਦਿਸ਼ਾਂ ਨਾਲ ਬੌਧਿਕ ਵਿਕਾਸ ਨਹੀਂ ਹੋ ਸਕਦਾ। ਪਰਮਿੰਦਰ ਸਿੰਘ ਗਿੱਲ ਅਤੇ ਡਾ. ਸੁਰਿੰਦਰ ਗਿੱਲ ਨੇ ਕਿਹਾ ਕਿ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਸਰਗਰਮ ਕਾਰਕੁਨ ਹੋਣੇ ਚਾਹੀਦੇ ਹਨ। ਪ੍ਰੋ. ਅਤੈ ਸਿੰਘ ਨੇ ਕਿਹਾ ਕਿ ਖੇਤ ਦੀ ਫ਼ਸਲ ਵਾਂਗ ਔਰਤ ’ਤੇ ਹੱਕ ਨਹੀਂ ਜਮਾਉਣਾ ਚਾਹੀਦਾ। ਸਰਦਾਰਾ ਸਿੰਘ ਚੀਮਾ ਨੇ ਕਿਹਾ ਕਿ ਇਹ ਅੰਦੋਲਨ ਕਿਸਾਨ ਅੰਦੋਲਨ ਤੋਂ ਘੱਟ ਮਹੱਤਵਪੂਰਨ ਨਹੀਂ। ਪੂੰਜੀਵਾਦ ਤੇ ਫਾਸ਼ੀਵਾਦ ਵਾਂਗ ਪਿਤਰਕੀ ਸੱਤਾ ਖ਼ਿਲਾਫ਼ ਵੀ ਲੜਾਈ ਜ਼ਰੂਰੀ ਹੈ। ਕਮਲੇਸ਼ ਨੇ ਕਿਹਾ ਕਿ ਅਗਲੇ ਐਡੀਸ਼ਨ ਵਿੱਚ ਸੰਘਰਸ਼ ਦੇ ਹੋਰ ਪੱਤਰੇ ਜੋੜੇ ਜਾਣਗੇ। ਵਿਸ਼ੇਸ਼ ਮਹਿਮਾਨ ਮਿਸ ਕਨੂੰ ਪ੍ਰਿਆ ਨੇ ਕਿਹਾ ਕਿ ਸਾਨੂੰ ਬਸਤੀਵਾਦੀ ਤੇ ਜਗੀਰੂ ਸੋਚ ਤੋਂ ਮੁਕਤੀ ਪਾਉਣ ਦੀ ਲੋੜ ਹੈ। ਡਾ. ਅਰੀਤ ਕੌਰ ਨੇ ਕਿਹਾ ਕਿ ਨਵੀਂ ਪੀੜ੍ਹੀ ਪਿੰਜਰਾ ਤੋੜ ਮੁਹਿੰਮ ਪ੍ਰਤੀ ਬਹੁਤ ਸਪੱਸ਼ਟ ਹੈ। ਮੀਟਿੰਗ ਵਿੱਚ ਬਲਬੀਰ ਸਿੰਘ ਸੈਣੀ, ਰਾਜਬੀਰ ਕੌਰ ਰੰਧਾਵਾ, ਪੁਸ਼ਪਾ, ਗੁਰਨਾਮ ਸਿੰਘ, ਪ੍ਰੋ. ਅਜਮੇਰ ਸਿੰਘ ਅਤੇ ਹੋਰ ਹਾਜ਼ਰ ਸਨ।