ਚੰਡੀਗੜ੍ਹ: ਸਾਹਿਤ ਚਿੰਤਨ, ਚੰਡੀਗੜ੍ਹ ਦੁਆਰਾ ਐੱਸਆਰ ਲੱਧੜ, ਸੇਵਾਮੁਕਤ ਆਈ.ਏ.ਐੱਸ. ਦੀ ਪ੍ਰਧਾਨਗੀ ਹੇਠ ਸ਼ਿਵ ਨਾਥ ਦੇ ਨਵੇਂ ਕਾਵਿ ਸੰਗ੍ਰਹਿ ‘ਸਰਘੀ ਦਾ ਸੁਪਨਾ’ ਬਾਰੇ ਚਰਚਾ ਕੀਤੀ ਗਈ। ਸਮਾਗਮ ’ਚ ਪੰਜਾਬ ਯੂਨੀਵਰਸਿਟੀ ਸਟੂਡੈਂਟ ਕਾਊਂਸਿਲ ਦੀ ਸਾਬਕਾ ਪ੍ਰਧਾਨ ਕਨੂੰਪ੍ਰਿਆ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਈ। ਡਾ. ਪ੍ਰੀਤਇੰਦਰ ਸਿੰਘ ਨੇ ਕਿਹਾ ਕਿ ਕਵੀ ਕਰੁਨਾਮਈ ਸਥਿਤੀਆਂ ਦੇ ਦਰਦਾਂ ਦੀ ਬਾਤ ਪਾਉਂਦਾ ਹੈ। ਜੋਗਿੰਦਰ ਸਿੰਘ ਨੇ ਬਹਿਸ ਸ਼ੁਰੂ ਕਰਦਿਆਂ ਕਿਹਾ ਕਿ ਕਵੀ ਮਨੁੱਖ ਦੇ ਸਮਾਜ ਤੇ ਕੁਦਰਤ ਨਾਲ ਸਬੰਧਾਂ ਦੀ ਗੱਲ ਕਰਦਾ ਹੈ। ਪਰਮਿੰਦਰ ਸਿੰਘ ਗਿੱਲ, ਅਭੈ ਸਿੰਘ ਅਤੇ ਸੱਜਨ ਸਿੰਘ ਨੇ ਕਿਹਾ ਕਿ ਕਾਰਪੋਰੇਟ ਜਗਤ ਆਪਣੇ ਸਵਾਰਥ ਲਈ ਸਰਕਾਰ ਨੂੰ ਵਰਤ ਰਹੇ ਹਨ। ਕਿਸਾਨ ਅੰਦੋਲਨ ਸਰਕਾਰਾਂ ਦਾ ਮੂੰਹ ਮੋੜ ਦੇਵੇਗਾ। ਸ਼ਿਵ ਨਾਥ ਨੇ ਕਿਹਾ ਕਿ ਹਰਕਤਹੀਣ ਬੰਦੇ ਨੂੰ ਜਿਉਂਦਾ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਆਪਣੀਆਂ ਨਵੀਂਆਂ ਨਜ਼ਮਾਂ ਭੂਮੀ ਪੂਜਨ, ਗਵਾਲਿਆਂ ਦੀ ਪੁਕਾਰ ਤੇ ਛੱਪੜ ਆਦਿ ਸੁਣਾਈਆਂ। -ਸਾਹਿਤ ਪ੍ਰਤੀਨਿਧ