ਹਰਦੇਵ ਚੌਹਾਨ
ਚੰਡੀਗੜ੍ਹ, 2 ਨਵੰਬਰ
ਸਾਹਿਤ ਚਿੰਤਨ, ਚੰਡੀਗੜ੍ਹ ਦੀ ਮਹੀਨਾਵਾਰ ਇਕੱਤਰਤਾ ਦੌਰਾਨ ਕਹਾਣੀ ਸੰਗ੍ਰਹਿ ‘ਜਨਾਨੀ ਪੌਦ’ ’ਤੇ ਚਰਚਾ ਹੋਈ। ਡਾ. ਮੇਘਾ ਸਿੰਘ ਨੇ ਕੇਸਰਾ ਰਾਮ ਨਾਲ ਜਾਣ-ਪਛਾਣ ਕਰਾਉਂਦਿਆ ਕਿਹਾ ਕਿ ਇਸ ਸਾਲ ਦਾ ਢਾਹਾਂ ਇਨਾਮ ਕੇਸਰਾ ਰਾਮ ਦੇ ਇਸ 5ਵੇਂ ਕਹਾਣੀ ਸੰਗ੍ਰਹਿ ਨੂੰ ਮਿਲਿਆ ਹੈ।
‘ਜਨਾਨੀ ਪੌਦ’ ਬਾਰੇ ਸੰਖੇਪ ਚਰਚਾ ਕਰਦਿਆਂ ਡਾ. ਕਿਰਨਜੀਤ ਕੌਰ ਨੇ ਕਿਹਾ ਕਿ ਲੇਖਕ ਅਖੌਤੀ ਅਗਾਂਹ ਵਧੂ ਲੋਕਾਂ ਦੀ ਸੋਚ, ਵਿਹਾਰ ਤੇ ਵਿਸ਼ਵਾਸ਼ਾਂ ਦੀਆਂ ਪਰਤਾਂ ਖੋਲ੍ਹਦਾ ਤੇ ਡੇਰਾ ਸੱਭਿਆਚਾਰ ਦੀ ਵਾਸਵਿਕਤਾ ਦਾ ਪਰਦਾ ਫ਼ਾਸ ਕਰਦਾ ਹੈ। ਜੋਗਿੰਦਰ ਸਿੰਘ ਨੇ ਬਹਿਸ ਸ਼ੁਰੂ ਕਰਦਿਆਂ ਕਿਹਾ ਕਿ ਭਾਰਤੀ ਸਮਾਜ ਵਿੱਚ ਔਰਤ ਦੇ ਰੁਤਬੇ ਬਾਰੇ ਇੱਕ ਵਿਚਾਰਧਾਰਕ ਸਾਂਝ ਹੈ।
ਅਭੈ ਸਿੰਘ ਨੇ ਕਿਹਾ ਕਿ ਪੁੱਤ ਦੀ ਸੁੰਦਰਤਾ ਦੇਖ ਕੇ ਪਿਤਾ ਪ੍ਰਸੰਨ ਹੁੰਦਾ ਹੈ ਪਰ ਉਹੀ ਬਾਪ ਦੀ ਧੀ ਦੀ ਖੂਬਸੂਰਤੀ ਬਾਰੇ ਨਹੀਂ ਸੁਣ ਸਕਦਾ। ਡਾ. ਕਾਂਤਾ ਨੇ ਕਿਹਾ ਕਿ ਕਹਾਣੀਆਂ ਵਿੱਚ ਨਾਰੀ, ਦਲਿਤ ਤੇ ਕਿਰਤੀ ਦੀ ਹੋਂਦ, ਪਹਿਚਾਣ ਤੇ ਸਵੈਮਾਨ ਦਾ ਸੰਘਰਸ਼ ਪਿਆ ਹੈ। ਡਾ. ਹਜ਼ਾਰਾ ਸਿੰਘ ਚੀਮਾ ਨੇ ਕਿਹਾ ਕਿ ਜੇ ਸਮਾਜ ਗੁੰਝਲਦਾਰ ਹੈ ਤਾਂ ਸਾਹਿਤ ਵੀ ਗੁੰਝਲਦਾਰ ਹੋਵੇਗਾ। ਦੀਪਤੀ ਬਬੂਟਾ ਨੇ ਕਿਹਾ ਕਿ ਨਾ-ਉਮੀਦ ਮਾਪਿਆਂ ਨੂੰ ਅਨਾਥ ਬੱਚੇ ਗੋਦ ਲੈ ਕੇ ਪਾਲਣੇ ਚਾਹੀਦੇ ਹਨ। ਬਲਵੰਤ ਚੌਹਾਨ ਅਤੇ ਬਲਜਿੰਦਰ ਕੌਰ ਨੇ ਵੀ ਵਿਚਾਰ ਪ੍ਰਗਟਾਏ। ਕੇਸਰਾ ਰਾਮ ਨੇ ਸਰੋਤਿਆਂ ਦੇ ਸਨਮੁਖ ਹੁੰਦਿਆਂ ਕਿਹਾ ਕਿ ਸਧਾਰਨ ਕਹਾਣੀ ਲਿਖਣੀ ਵਧੇਰੇ ਔਖੀ ਹੁੰਦੀ ਹੈ। ਪਾਤਰਾਂ ਦੀ ਮਨੋਬਿਰਤੀ ਮੁਤਾਬਿਕ ਗੱਲਾਂ ਕਹਿ ਹੋ ਜਾਂਦੀਆਂ ਹਨ। ਡਾ. ਮਨਮੋਹਨ ਨੇ ਪ੍ਰਧਾਨਗੀ ਭਾਸ਼ਣ ਮੌਕੇ ਕਿਹਾ ਕਿ ਹਰ ਲਿਖਤ ਵਿੱਚ ਆਪਣੀ ਸਮਰੱਥਾ ਸ਼ਾਮਲ ਹੁੰਦੀ ਹੈ।
ਮੀਟਿੰਗ ਵਿੱਚ ਇੱਕ ਮਤੇ ਰਾਹੀਂ ਕਿਸਾਨਾਂ ਦੇ 5 ਨਵੰਬਰ ਨੂੰ ਭਾਰਤ ਬੰਦ ਤੇ 26-27 ਨਵੰਬਰ ਨੂੰ ਦਿੱਲੀ ਚੱਲੋ ਅੰਦੋਲਨ ਦਾ ਸਮਰਥਨ ਕੀਤਾ ਗਿਆ। ਦੂਜੇ ਮਤੇ ਰਾਹੀਂ ਚੰਡੀਗੜ੍ਹ ਪ੍ਰਸਾਸ਼ਨ ਕੋਲੋਂ ਸਰਕਾਰੀ ਕੰਮ ਕਾਜ ਪੰਜਾਬੀ ਵਿੱਚ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਡਾ. ਸਾਹਿਬ ਸਿੰਘ ਅਰਸ਼ੀ, ਅਵਤਾਰ ਸਿੰਘ ਪਾਲ, ਐੱਸ.ਆਰ. ਲੱਧੜ, ਪ੍ਰੋ. ਅਜਮੇਰ ਸਿੰਘ, ਵਿਜੇ ਸਿੰਘ, ਬਲਬੀਰ ਸਿੰਘ ਸੈਣੀ, ਜਰਨੈਲ ਕ੍ਰਾਂਤੀ, ਬਲਬੀਰ ਸਿੰਘ, ਗੁਰਿੰਦਰ ਸਿੰਘ, ਮੋਹਨ ਲਾਲ ਰਾਹੀ, ਕਰਮਜੀਤ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਗੁਰਸ਼ਰਨ ਸਿੰਘ ਕੁਮਾਰ, ਸ਼ਿਵ ਨਾਥ, ਡਾ. ਸੁਖਵਿੰਦਰ, ਯੋਗੇਸ਼ ਕੁਮਾਰ, ਅੰਤ ਰਾਮ ਸਣੇ ਤਿੰਨ ਦਰਜਨ ਤੋਂ ਉੱਪਰ ਸਾਹਿਤ ਚਿੰਤਕਾਂ ਨੇ ਭਾਗ ਲਿਆ।