ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 20 ਸਤੰਬਰ
ਪੰਜਾਬ ਗੌਰਮਿੰਟ ਪੈਨਸ਼ਨਰਜ਼ ਸੰਯੁਕਤ ਫਰੰਟ ਵੱਲੋਂ ਅੱਜ ਮੁਹਾਲੀ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਦਿਆਂ ਸੂਬਾ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਇਆ। ਇਸ ਮੌਕੇ ਜਥੇਬੰਦੀ ਨੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਮੁਹਾਲੀ ਵਿੱਚ ਮਹਾਰੈਲੀ ਕਰਨ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਜਥੇਬੰਦੀ ਦੇ ਕਨਵੀਨਰ ਅਵਿਨਾਸ਼ ਚੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਸਬੰਧੀ ਫਰੰਟ ਦੇ ਨੁਮਾਇੰਦਿਆਂ ਐੱਸਡੀਐੱਮ ਦੀਪਾਂਕਰ ਗਰਗ ਨੂੰ ਨੋਟਿਸ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ 22 ਅਕਤੂਬਰ ਨੂੰ ਸ਼ਹਿਰ ਵਿੱਚ ਸੂਬਾ ਪੱਧਰੀ ਮਹਾਰੈਲੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਰੋਸ ਰੈਲੀਆਂ ਕਰਕੇ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਅਤੇ ਮਹਾਰੈਲੀ ਦੇ ਨੋਟਿਸ ਭੇਜੇ ਜਾਣਗੇ। ਅੱਜ ਰੈਲੀ ਨੂੰ ਸੰਬੋਧਨ ਕਰਦਿਆਂ ਸਮੂਹ ਪੈਨਸ਼ਨਰ ਜਥੇਬੰਦੀਆਂ ਦੇ ਆਗੂਆਂ ਡਾ. ਐੱਨਕੇ ਕਲਸੀ, ਸ਼ਿਆਮ ਲਾਲ ਸ਼ਰਮਾ, ਸੁੱਚਾ ਸਿੰਘ ਕਲੌੜ, ਜਗਦੀਸ਼ ਸਿੰਘ ਸਰਾਓ, ਬਾਬੂ ਸਿੰਘ, ਭਗਤ ਰਾਮ ਰੰਗਾੜਾ, ਗੁਰਬਖ਼ਸ਼ ਸਿੰਘ, ਵਿਜੈ ਕੁਮਾਰ, ਨਿਰਮਲ ਸਿੰਘ, ਰਵਿੰਦਰ ਕੌਰ ਗਿੱਲ, ਦਰਸ਼ਨ ਕੁਮਾਰ ਬੱਗਾ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸੀਨੀਅਰ ਸਿਟੀਜ਼ਨਾਂ, ਪੈਨਸ਼ਨਰਾਂ ਦੀਆਂ ਸੰਵਿਧਾਨਿਕ ਮੰਗਾਂ ਪ੍ਰਵਾਨ ਨਾ ਕਰਕੇ ਉਨ੍ਹਾਂ ਨਾਲ ਧ੍ਰੋਹ ਕਮਾਇਆ ਜਾ ਰਿਹਾ ਹੈ। ਜਿਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੈਨਸ਼ਨਰਜ਼ ਬਾਬਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿਤਾਵਨੀ ਦਿੱਤੀ ਕਿ ਜੇ 15 ਅਕਤੂਬਰ ਤੱਕ ਪੈਨਲ ਮੀਟਿੰਗ ਸੱਦ ਕੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਪ੍ਰਵਾਨ ਨਾ ਕੀਤੀਆਂ ਗਈਆਂ ਤਾਂ 22 ਅਕਤੂਬਰ ਨੂੰ ਮੁਹਾਲੀ ਵਿੱਚ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ ਕੀਤਾ ਜਾਵੇਗਾ।