ਪੱਤਰ ਪ੍ਰੇਰਕ
ਕੁਰਾਲੀ, 18 ਸਤੰਬਰ
ਇਥੇ ਸਥਾਨਕ ਫੋਕਲ ਪੁਆਇੰਟ ਚਨਾਲੋਂ ਵਿੱਚ ਵੱਖ-ਵੱਖ ਦਿਵਿਆਂਗ (ਅੰਗਹੀਣ) ਵਿਅਕਤੀਆਂ ਲਈ ਨਕਲੀ ਅੰਗ ਬਣਾਉਣ ਵਾਲੀ ਕੰਪਨੀ ਆਰਟੀਫੀਸ਼ੀਅਲ ਲਿੰਬਜ਼ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ਼ ਇੰਡੀਆ (ਅਲਿਮਕੋ) ਵੱਲੋਂ ਇੱਕ ਸਮਾਗਮ ਕਰਵਾਇਆ ਗਿਆ। ਇਸ ਕੈਂਪ ਦੌਰਾਨ 235 ਦਿਵਿਆਂਗ ਵਿਅਕਤੀਆਂ ਨੂੰ ਇਲੈਕਟ੍ਰੀਕਲ ਵ੍ਹੀਲ ਚੇਅਰ ਅਤੇ ਹੋਰ ਸਮਾਨ ਵੰਡਿਆ ਗਿਆ। ਅਲਿਮਕੋ ਦੀ ਚਨਾਲੋਂ ਯੂਨਿਟ ਦੇ ਮੈਨੇਜਰ ਰਮੇਸ਼ ਚੰਦ ਦੀ ਦੇਖ-ਰੇਖ ਹੇਠ ਲਗਾਏ ਗਏ ਇਸ ਕੈਂਪ ਦਾ ਉਦਘਾਟਨ ਕੌਂਸਲਰ ਬਹਾਦਰ ਸਿੰਘ ਓਕ ਅਤੇ ਨੰਦੀਪਾਲ ਬਾਂਸਲ ਨੇ ਕੀਤਾ। ਇਸ ਸਮਾਗਮ ਵਿੱਚ ਹਲਕਾ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ ਚੰਨੀ ਮੁੱਖ ਮਹਿਮਾਨ ਵਜੋਂ ਪੁੱਜੇ ਜਦਕਿ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਵਿੰਦਰ ਸਿੰਘ ਰਾਹੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਕਰਤ ਕੀਤੀ।
ਸਮਾਗਮ ਦੌਰਾਨ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਮਾਗਮ ਵਿੱਚ ਵਿਸ਼ੇਸ਼ ਲੋੜਾਂ ਵਾਲੇ 235 ਵਿਅਕਤੀਆਂ ਨੂੰ ਨਕਲੀ ਅੰਗ, ਮੋਟਰਾਈਜ਼ਡ ਟਰਾਈਸਾਈਕਲ, ਬੈਟਰੀ ਨਾਲ ਚੱਲਣ ਵਾਲੀਆਂ ਵੀਲ੍ਹ-ਚੇਅਰਾਂ, ਟਰਾਈਸਾਈਕਲ, ਬੈਸਾਖੀਆਂ, ਸੁਣਨ ਵਾਲੀਆਂ ਮਸ਼ੀਨਾਂ ਅਤੇ ਹੋਰ ਸਾਮਾਨ ਵੰਡਿਆ ਹੈ।