ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 13 ਨਵੰਬਰ
ਯੂਟੀ ਦਾ ਸਿੱਖਿਆ ਵਿਭਾਗ ਇਸ ਵਾਰ ਬੋਰਡ ਪ੍ਰੀਖਿਆਵਾਂ ਲਈ ਵਿਸ਼ਾ ਮਾਹਿਰ ਅਧਿਆਪਕਾਂ ਦੀ ਨਿਯੁਕਤੀ ਕਰਨਾ ਹੀ ਭੁੱਲ ਗਿਆ ਹੈ ਜਦਕਿ ਬੋਰਡ ਜਮਾਤਾਂ ਦੀਆਂ ਟਰਮ-1 ਪ੍ਰੀਖਿਆਵਾਂ 16 ਨਵੰਬਰ ਤੋਂ ਸ਼ੁਰੂ ਹੋ ਰਹੀਆਂ ਹਨ। ਇਸ ਕਾਰਨ ਲਗਪਗ ਹਰ ਸਕੂਲ ਵਿਚ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਹੱਲ ਨਾ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਪਰ ਸਕੂਲ ਮੁਖੀਆਂ ਕੋਲ ਕੋਈ ਜਵਾਬ ਹੀ ਨਹੀਂ ਹੈ।
ਪਿਛਲੇ ਸਾਲਾਂ ਦੇ ਰਿਕਾਰਡ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਬੋਰਡ ਪ੍ਰੀਖਿਆਵਾਂ ਦੇ ਸ਼ੁਰੂ ਹੋਣ ਤੋਂ 15 ਜਾਂ 20 ਦਿਨ ਪਹਿਲਾਂ ਵਿਸ਼ਾ ਮਾਹਰ ਅਧਿਆਪਕ ਨਿਯੁਕਤ ਕੀਤੇ ਜਾਂਦੇ ਸਨ ਤੇ ਕਈ ਵਿਸ਼ਿਆਂ ਦੇ ਦੋ ਜਾਂ ਵੱਧ ਅਧਿਆਪਕ ਵਿਦਿਆਰਥੀਆਂ ਦੇ ਸ਼ੰਕੇ ਦੂਰ ਕਰਦੇ ਸਨ। ਇਹ ਅਧਿਆਪਕ ਸਕੂਲ ਸਮੇਂ ਤੋਂ ਬਾਅਦ ਚਾਰ ਜਾਂ ਪੰਜ ਘੰਟੇ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਦੂਰ ਕਰਦੇ ਸਨ ਤੇ ਵਿਭਾਗ ਦੀ ਵੈਬਸਾਈਟ ’ਤੇ ਬਕਾਇਦਾ ਇਨ੍ਹਾਂ ਅਧਿਆਪਕਾਂ ਦੇ ਫੋਨ ਨੰਬਰ ਦਿੱਤੇ ਹੁੰਦੇ ਸਨ। ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-26 ਦੇ ਵਿਦਿਆਰਥੀਆਂ ਨੇ ਦੱਸਿਆ ਕਿ ਵਿਸ਼ਾ ਮਾਹਰਾਂ ਦੀ ਅਣਹੋਂਦ ਵਿਚ ਕੋਈ ਹੋਰ ਅਧਿਆਪਕ ਰੋਜ਼ਾਨਾ ਸਮੱਸਿਆਵਾਂ ਹੱਲ ਕਰਨ ਲਈ ਮੌਜੂਦ ਹੀ ਨਹੀਂ ਹੈ।
ਇਹ ਵੀ ਪਤਾ ਲੱਗਾ ਹੈ ਕਿ ਪਿਛਲੇ ਇਕ ਹਫਤੇ ਤੋਂ ਕਈ ਸਕੂਲਾਂ ਦੇ ਸ਼ਿਕਾਇਤ ਕੇਂਦਰ ਤੇ ਸੁਝਾਅ ਬਕਸੇ ਵਿਚ ਬੱਚਿਆਂ ਤੇ ਮਾਪਿਆਂ ਦੇ ਵੱਡੀ ਗਿਣਤੀ ਸਵਾਲ ਆਏ ਹਨ ਜਿਨ੍ਹਾਂ ਨੂੰ ਹੱਲ ਕਰਨ ਦੀ ਮੰਗ ਕੀਤੀ ਗਈ ਸੀ। ਜ਼ਿਆਦਾਤਰ ਮਾਪਿਆਂ ਨੇ ਇਹੀ ਪੁੱਛਿਆ ਹੈ ਕਿ ਉਨ੍ਹਾਂ ਦੇ ਬੱਚੇ ਤਣਾਅ ਵਿਚ ਹਨ ਕਿ ਇਸ ਵਾਰ ਪੜ੍ਹਾਈ ਤਾਂ ਆਨਲਾਈਨ ਹੀ ਕਰਵਾਈ ਗਈ ਤੇ ਪ੍ਰੀਖਿਆਵਾਂ ਆਫਲਾਈਨ ਹੋ ਰਹੀਆਂ ਹਨ ਪਰ ਵਿਸ਼ਾ ਮਾਹਰਾਂ ਦੀਆਂ ਸੇਵਾਵਾਂ ਨਹੀਂ ਮਿਲ ਰਹੀਆਂ।
ਅਧਿਆਪਕਾਂ ਦੀਆਂ ਜਲਦੀ ਲੱਗਣਗੀਆਂ ਡਿਊਟੀਆਂ: ਡਾਇਰੈਕਟਰ
ਇਥੋਂ ਦੇ ਇਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣ ਵਾਲੀਆਂ ਹਨ ਪਰ ਵਿਦਿਆਰਥੀਆਂ ਦੀ ਕਾਊਂਸਲਿੰਗ ਕਰਨ ਲਈ ਵਿਸ਼ਾ ਮਾਹਰ ਨਿਯੁਕਤ ਨਹੀਂ ਹੋਏ। ਉਨ੍ਹਾਂ ਤੋਂ ਰੋਜ਼ਾਨਾ ਬੱਚੇ ਇਸ ਬਾਰੇ ਪੁੱਛ ਰਹੇ ਹਨ। ਉਨ੍ਹਾਂ ਨੇ ਸਿੱਖਿਆ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਸੀ ਪਰ ਹਾਲੇ ਤਕ ਸਮੱਸਿਆ ਹੱਲ ਨਹੀਂ ਹੋਈ। ਡਾਇਰੈਕਟਰ ਸਕੂਲ ਐਜੂਕੇਸ਼ਨ ਪਾਲਿਕਾ ਅਰੋੜਾ ਨੇ ਕਿਹਾ ਕਿ ਉਹ ਇਸ ਸਮੱਸਿਆ ਬਾਰੇ ਜਲਦੀ ਹੀ ਅਧਿਆਪਕਾਂ ਦੀਆਂ ਡਿਊਟੀਆਂ ਲਾਉਣਗੇ।