ਸਰਬਜੀਤ ਸਿੰਘ ਭੱਟੀ
ਲਾਲੜੂ, 19 ਅਗਸਤ
ਨਗਰ ਕੌਂਸਲ ਲਾਲੜੂ ਦੇ ਵਾਰਡ ਨੰਬਰ 5 ਅਤੇ 6 ਵਿਚਕਾਰ ਪੈਂਦੀ ਗਲੀ ਦੀ ਹਾਲਤ ਤੇ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਦੇ ਕਾਰਨ ਸਥਾਨਕ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਾਰਡ ਨਿਵਾਸੀ ਰਾਜੇਸ਼ ਕੁਮਾਰ ਰਾਣਾ, ਘਨਸ਼ਿਆਮ, ਅਮਨ ਰਾਣਾ, ਰਾਜ ਕੁਮਾਰ, ਬਲਜਿੰਦਰ ਸਿੰਘ, ਹਰਬੰਸ ਸਿੰਘ, ਪਰਦੀਪ ਆਦਿ ਨੇ ਦੱਸਿਆ ਕਿ ਦੋ ਵਾਰਡਾਂ (5 ਅਤੇ 6 ਨੰਬਰ) ਦੀ ਇੱਕ ਸਾਂਝੀ ਗਲੀ ਹੈ, ਜਿਸ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ। ਨਾਲੀਆਂ ਅਤੇ ਪਾਈਪਾਂ ਦੀ ਸਫਾਈ ਨਾ ਹੋਣ ਕਾਰਨ ਲੋਕਾਂ ਦੇ ਘਰਾਂ ਦਾ ਗੰਦਾ ਪਾਣੀ ਗਲੀ ਵਿਚਕਾਰ ਜਮ੍ਹਾਂ ਹੈ। ਮੈਨਹੋਲ ਦੇ ਢੱਕਣ ਟੁੱਟੇ ਹੋਏ ਹਨ, ਜਿਸ ਕਾਰਨ ਚਾਰੇ ਪਾਸੇ ਗੰਦੀ ਫੈਲੀ ਹੋਈ ਹੈ। ਲੋਕਾਂ ਨੂੰ ਆਪਣੇ ਘਰਾਂ ਤੋਂ ਅੰਦਰ-ਬਾਹਰ ਜਾਣਾ ਔਖਾ ਹੋਇਆ ਪਿਆ ਹੈ। ਵਾਰਡ ਵਾਸੀਆਂ ਨੇ ਦੱਸਿਆ ਕਿ ਕਈ ਵਾਰ ਕੌਂਸਲ ਦੇ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਪਰ ਅਜੇ ਤੱਕ ਕਿਸੇ ਨੇ ਕੋਈ ਸੁਣਵਾਈ ਨਹੀ ਕੀਤੀ। ਲੋਕਾਂ ਨੇ ਸਮੱਸਿਆ ਦੇ ਹੱਲ ਦੀ ਮੰਗ ਕੀਤੀ ਹੈ। ਨਗਰ ਕੌਂਸਲ ਲਾਲੜੂ ਦੇ ਕਾਰਜਸਾਧਕ ਅਫਸਰ ਅਸ਼ੋਕ ਕੁਮਾਰ ਨੇ ਕਿਹਾ ਕਿ ਛੇਤੀ ਹੀ ਸਮੱਸਿਆ ਹੱਲ ਕਰਵਾ ਦਿੱਤੀ ਜਾਵੇਗੀ।