ਆਤਿਸ਼ ਗੁਪਤਾ
ਚੰਡੀਗੜ੍ਹ, 25 ਅਕਤੂਬਰ
ਇੱਥੋਂ ਦੇ ਲੋਕਾਂ ਨੇ ਦੀਵਾਲੀ ਵਾਲੇ ਦਿਨ ਦੋ ਘੰਟੇ ਪਟਾਕੇ ਚਲਾਉਣ ਦੇ ਆਦੇਸ਼ਾਂ ਦੀਆਂ ਰੱਜ ਕੇ ਧੱਜੀਆਂ ਉਡਾਈਆਂ। ਲੋਕ ਦੇਰ ਰਾਤ 12 ਵਜੇ ਤੱਕ ਪਟਾਕੇ ਚਲਾਉਂਦੇ ਰਹੇ। ਇਸ ਨਾਲ ਹਵਾ ਪ੍ਰਦੂਸ਼ਣ ਤੇ ਆਵਾਜ਼ ਪ੍ਰਦੂਸ਼ਣ ਵੱਡੇ ਪੱਧਰ ’ਤੇ ਹੋਇਆ।
ਸ਼ਹਿਰ ਵਿੱਚ ਤੈਅ ਸਮੇਂ ਤੋਂ ਬਾਅਦ ਪਟਾਕੇ ਚਲਾਉਣ ਸਬੰਧੀ ਚੰਡੀਗੜ੍ਹ ਪੁਲੀਸ ਨੇ ਦੋ ਕੇਸ ਦਰਜ ਕਰ ਕੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੀਵਾਲੀ ਵਾਲੀ ਰਾਤ ਨੂੰ ਸ਼ਹਿਰ ਵਿੱਚ 14 ਵੱਖ-ਵੱਖ ਥਾਵਾਂ ’ਤੇ ਅੱਗਜਨੀ ਦੀਆਂ ਘਟਨਾਵਾਂ ਵਾਪਰੀਆਂ ਹਨ, ਜਿਸ ਬਾਰੇ ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਨੇ ਅੱਗ ’ਤੇ ਕਾਬੂ ਪਾ ਲਿਆ। ਅੱਗ ਲੱਗਣ ਕਰਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੀਵਾਲੀ ਵਾਲੀ ਰਾਤ ਨੂੰ ਪ੍ਰਸ਼ਾਸਨ ਨੇ 8 ਵਜੇ ਤੋਂ 10 ਵਜੇ ਤੱਕ ਗ੍ਰੀਨ ਪਟਾਕੇ ਚਲਾਉਣ ਦੀ ਪ੍ਰਵਾਨਗੀ ਦਿੱਤੀ ਸੀ। ਇਸ ਦੇ ਬਾਵਜੂਦ ਲੋਕ ਦੇਰ ਰਾਤ ਤੱਕ ਪਟਾਕੇ ਚਲਾਉਂਦੇ ਰਹੇ। ਇਸ ਦੌਰਾਨ ਪੁਲੀਸ ਨੇ ਪਟਾਕੇ ਚਲਾਉਣ ਵਾਲਿਆਂ ’ਤੇ ਕਾਨੂੰਨੀ ਕਾਰਵਾਈ ਕੀਤੀ ਹੈ। ਥਾਣਾ ਆਈਟੀ ਪਾਰਕ ਦੀ ਪੁਲੀਸ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਰਾਮ ਕਰਨ ਵਾਸੀ ਕਿਸ਼ਨਗੜ੍ਹ ਅਤੇ ਮੋਹਿਤ ਵਾਸੀ ਮਨੀਮਾਜਰਾ ਖ਼ਿਲਾਫ਼ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ।
ਦੀਵਾਲੀ ਮੌਕੇ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੀ ਸੂਰਤ ’ਚ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ। ਇਸੇ ਦੌਰਾਨ ਚੰਡੀਗੜ੍ਹ ਪੁਲੀਸ ਕੰਟ੍ਰੋਲ ਰੂਮ ’ਚ 944 ਸ਼ਿਕਾਇਤਾਂ ਪਹੁੰਚੀਆਂ ਜਿਨ੍ਹਾਂ ਵਿੱਚੋਂ 14 ਅੱਗ ਲੱਗਣ ਸਬੰਧੀ, ਲੜਾਈ ਝਗੜੇ ਦੀਆਂ 129, ਪਟਾਕੇ ਚਲਾਉਂਦੇ ਹੋਏ ਸ਼ੋਰ ਮਚਾਉਣ ਸਬੰਧੀ 51 ਅਤੇ 66 ਮੈਡੀਕਲ ਐਮਰਜੈਂਸੀ ਦੀਆਂ ਸਨ। ਇਨ੍ਹਾਂ ’ਤੇ ਕਾਰਵਾਈ ਕਰਦਿਆਂ ਚੰਡੀਗੜ੍ਹ ਪੁਲੀਸ ਨੇ 385 ਸ਼ਿਕਾਇਤਾਂ ਦਾ ਮੌਕੇ ’ਤੇ ਨਬਿੇੜਾ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਇਨ੍ਹਾਂ ਘਟਨਾਵਾਂ ਦੀ ਗਿਣਤੀ 600 ਤੋਂ ਵੱਧ ਸੀ।
ਚੰਡੀਗੜ੍ਹ ਦੀ ਆਬੋ-ਹਵਾ ਹੋਈ ਗੰਧਲੀ
ਚੰਡੀਗੜ੍ਹ ਵਿੱਚ ਦੀਵਾਲੀ ਦੀ ਰਾਤ ਪਟਾਕੇ ਚੱਲਣ ਕਰਕੇ ਸ਼ਹਿਰ ਦੀ ਆਬੋ-ਹਵਾ ਖਰਾਬ ਰਹੀ। ਪ੍ਰਦੂਸ਼ਣ ਵਿਭਾਗ ਅਨੁਸਾਰ ਦੀਵਾਲੀ ਵਾਲੇ ਦਿਨ ਸ਼ਾਮ ਨੂੰ 6 ਵਜੇ ਤੋਂ ਬਾਅਦ ਹਵਾ ਪ੍ਰਦੂਸ਼ਣ ਦੀ ਮਾਤਰਾ ਵਧਣੀ ਸ਼ੁਰੂ ਹੋ ਗਈ, ਜੋ ਰਾਤ 10 ਵਜੇ ਦੇ ਕਰੀਬ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) ਦਾ ਪੱਧਰ 300 ਤੋਂ ਵੱਧ ਦਰਜ ਕੀਤਾ ਗਿਆ ਹੈ ਜਦੋਂ ਕਿ ਦੀਵਾਲੀ ਵਾਲੇ ਦਿਨ ਵਿੱਚ ਏਕਿਊਆਈ ਲੇਵਲ 180 ਦੇ ਕਰੀਬ ਸੀ। ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਅਨੁਸਾਰ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਦੇ ਪੰਜ ਪ੍ਰਦੂਸ਼ਣ ਜਾਂਚ ਕੇਂਦਰਾਂ ਨੂੰ 24 ਘੰਟੇ ਚੌਕਸ ਰਹਿਣ ਦੀ ਹਦਾਇਤ ਦਿੱਤੀ ਸੀ। ਇਸ ਦੌਰਾਨ ਸ਼ਹਿਰ ਦੇ ਸੈਕਟਰ-12 ਸਥਿਤ ਪੈੱਕ, ਸੈਕਟਰ-17, 25 ਅਤੇ ਸੈਕਟਰ-39 ’ਚ ਸਥਿਤ ਆਈਐੱਮਟੈੱਕ ਵਿੱਚ ਲੱਗੇ ਪ੍ਰਦੂਸ਼ਣ ਜਾਂਚ ਕੇਂਦਰਾਂ ਰਾਹੀਂ ਹਰ ਸਮੇਂ ਹਵਾ ਪ੍ਰਦੂਸ਼ਣ ਦੀ ਮਾਤਰਾ ’ਤੇ ਨਜ਼ਰ ਰੱਖੀ ਗਈ।
ਪਟਾਕਿਆਂ ਦੇ ਧੂੰਏਂ ਵਿੱਚ ਉੱਡੇ ਮੈਜਿਸਟਰੇਟ ਦੇ ਹੁਕਮ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 25 ਅਕਤੂਬਰ
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਅਤੇ ਆਸ-ਪਾਸ ਇਲਾਕੇ ਵਿੱਚ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਦੀਵਾਲੀ ਵਾਲੀ ਰਾਤ ਮੁਹਾਲੀ ਫਾਇਰ ਬ੍ਰਿਗੇਡ ਦਫ਼ਤਰ ਵਿੱਚ ਕਰੀਬ ਦਰਜਨ ਥਾਵਾਂ ’ਤੇ ਅੱਗ ਲੱਗਣ ਬਾਰੇ ਫੋਨ ’ਤੇ ਸੂਚਨਾਵਾਂ ਮਿਲੀਆਂ ਸਨ। ਇਨ੍ਹਾਂ ਵਿੱਚ ਸੈਕਟਰ-70 ਦੇ ਹੋਮਲੈਂਡ ਸੁਸਾਇਟੀ ਵਿੱਚ ਇੱਕ ਮਕਾਨ ਵਿੱਚ ਪਟਾਕੇ ਚਲਾਉਂਦੇ ਸਮੇਂ ਅੱਗ ਲੱਗ ਗਈ ਜਦੋਂ ਕਿ ਬਾਕੀ ਥਾਵਾਂ ’ਤੇ ਸਿਰਫ਼ ਘਾਹ ਫੂਸ ਨੂੰ ਹੀ ਅੱਗ ਲੱਗੀ ਸੀ। ਇਸ ਕਾਰਨ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਰਿਹਾ ਹੈ।
ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ, ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਫੇਜ਼-8 ਅਤੇ ਇਤਿਹਾਸਕ ਗੁਰਦੁਆਰਾ ਸਾਹਿਬ ਫਤਹਿ-ਏ-ਜੰਗ ਚੱਪੜਚਿੜੀ ਕਲਾਂ ਸਮੇਤ ਡੇਰਾ ਬਾਬਾ ਖੜਕ ਸਿੰਘ ਦਾਊਂ ਵਿੱਚ ਸ਼ਰਧਾਲੂਆਂ ਨੇ ਸਰਬੱਤ ਦਾ ਭਲਾ ਮੰਗਦਿਆਂ ਖ਼ੁਸ਼ੀ ਦੇ ਦੀਵੇ ਜਗਾਏ ਅਤੇ ਮੱਥਾ ਟੇਕਿਆ। ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਅਤੇ ਪਿੰਡਾਂ ਦੇ ਵਸਨੀਕਾਂ ਨੇ ਆਪੋ-ਆਪਣੇ ਖੇਤਰਾਂ ਵਿੱਚ ਗੁਰਦੁਆਰਿਆਂ ਅਤੇ ਮੰਦਰਾਂ ਵਿੱਚ ਦੀਵੇ ਬਾਲੇ। ਲੋਕਾਂ ਨੇ ਖ਼ੁਆਜਾ ਅਤੇ ਨਗਰ ਖੇੜੇ ’ਤੇ ਵੀ ਦੀਵੇ ਬਾਲੇ।
ਮੁਹਾਲੀ ਜ਼ਿਲ੍ਹੇ ਵਿੱਚ ਲੋਕਾਂ ਨੇ ਹਾਈ ਕੋਰਟ ਦੀ ਘੁਰਕੀ ਅਤੇ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਕੋਈ ਪ੍ਰਵਾਹ ਕੀਤੇ ਬਿਨਾਂ ਬੇਖ਼ੌਫ਼ ਦੇਰ ਰਾਤ ਤੱਕ ਪਟਾਕੇ ਚਲਾਏ ਅਤੇ ਆਤਿਸ਼ਬਾਜ਼ੀ ਕੀਤੀ।
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਅਮਿਤ ਤਲਵਾੜ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (2 ਆਫ਼ 1974 ਦੀ) ਧਾਰਾ 144 ਅਧੀਨ ਹੁਕਮ ਜਾਰੀ ਕਰਕੇ ਕਿਹਾ ਸੀ ਕਿ ਦੀਵਾਲੀ ਵਾਲੇ ਦਿਨ ਸ਼ਾਮ 8 ਵਜੇ ਤੋਂ 10 ਵਜੇ ਤੱਕ ਨਿਰਧਾਰਿਤ ਆਵਾਜ਼ ਅੰਦਰ ਹੀ ਪਟਾਕੇ ਚਲਾਉਣ ਦੀ ਆਗਿਆ ਹੋਵੇਗੀ। ਇਸ ਮਿਤੀ ਅਤੇ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਕੋਈ ਵੀ ਵਿਅਕਤੀ ਪਟਾਕੇ ਨਹੀਂ ਚਲਾਏਗਾ ਤਾਂ ਜੋ ਆਬੋ ਹਵਾ ਗੰਧਲੀ ਹੋਣ ਤੋਂ ਬਚਾਈ ਜਾ ਸਕੇ ਲੇਕਿਨ ਹਾਈ ਕੋਰਟ ਅਤੇ ਜ਼ਿਲ੍ਹਾ ਮੈਜਿਸਟਰੇਟ ਦੇ ਇਹ ਹੁਕਮ ਪਟਾਕਿਆਂ ਦੇ ਧੂੰਏਂ ਵਿੱਚ ਉੱਡ ਗਏ।
ਇਸ ਸਬੰਧੀ ਪੁਲੀਸ ਨੇ ਵੱਖ-ਵੱਖ ਥਾਣਿਆਂ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕਰੀਬ ਦੋ ਦਰਜਨ ਕੇਸ ਦਰਜ ਕੀਤੇ ਗਏ ਹਨ।
ਮੁਹਾਲੀ ਦੇ ਹਸਪਤਾਲਾਂ ਵਿੱਚ 89 ਵਿਅਕਤੀ ਇਲਾਜ ਲਈ ਪੁੱਜੇ
ਸਿਵਲ ਸਰਜਨ ਡਾ. ਅਦਰਸ਼ਪਾਲ ਕੌਰ ਦੀ ਜਾਣਕਾਰੀ ਅਨੁਸਾਰ ਮੁਹਾਲੀ ਵਿੱਚ 89 ਵਿਅਕਤੀ ਇਲਾਜ ਲਈ ਹਸਪਤਾਲਾਂ ਵਿੱਚ ਪਹੁੰਚੇ ਸਨ ਜਿਨ੍ਹਾਂ ਵਿੱਚ 19 ਵਿਅਕਤੀ ਅੱਖਾਂ ਤੋਂ ਪੀੜਤ ਸਨ ਜਦੋਂਕਿ ਬਾਕੀ ਪੀੜਤਾਂ ’ਚੋਂ 40 ਪੁਰਸ਼, 10 ਔਰਤਾਂ/ਲੜਕੀਆਂ ਅਤੇ 20 ਬੱਚੇ ਸ਼ਾਮਲ ਹਨ। ਇਨ੍ਹਾਂ ਸਾਰਿਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹਨ। ਦਵਾਈ ਬੂਟੀ ਤੋਂ ਬਾਅਦ ਸਾਰਿਆਂ ਨੂੰ ਘਰ ਭੇਜ ਦਿੱਤਾ ਗਿਆ।
ਇਨਵਰਟਰ ’ਚ ਧਮਾਕੇ ਮਗਰੋਂ ਅੱਗ ਲੱਗੀ
ਇੱਥੋਂ ਦੇ ਸੈਕਟਰ-67 ਵਿੱਚ ਰਹਿੰਦੇ ਗਮਾਡਾ ਦੇ ਸੇਵਾਮੁਕਤ ਅਧਿਕਾਰੀ ਸੁਖਦੇਵ ਸਿੰਘ ਸੋਢੀ ਦੇ ਮਕਾਨ ਨੰਬਰ-1153 ਵਿੱਚ ਦੀਵਾਲੀ ਵਾਲੀ ਰਾਤ ਅਚਾਨਕ ਇਨਵਰਟਰ ਸੜ ਕੇ ਅੱਗ ਲੱਗ ਗਈ। ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਜਥੇਦਾਰ ਕਰਤਾਰ ਸਿੰਘ ਤਸਿੰਬਲੀ ਨੇ ਦੱਸਿਆ ਕਿ ਲੰਘੀ ਰਾਤ ਇਨਵਰਟਰ ਵਿੱਚ ਧਮਾਕਾ ਹੋਇਆ ਅਤੇ ਦੇਖਦੇ ਹੀ ਦੇਖਦੇ ਹੀ ਕਮਰੇ ਵਿੱਚ ਅੱਗ ਲੱਗ ਗਈ। ਉਨ੍ਹਾਂ ਨੇ ਤੁਰੰਤ 101 ਨੰਬਰ ’ਤੇ ਫੋਨ ਕਰ ਕੇ ਮੁਹਾਲੀ ਫਾਇਰ ਬ੍ਰਿਗੇਡ ਦਫ਼ਤਰ ਵਿੱਚ ਸੂਚਨਾ ਦੇਣ ਦੀ ਕੋਸ਼ਿਸ਼ ਕੀਤੀ, ਲੇਕਿਨ ਕੰਪਿਊਟਰਰਾਈਜ਼ ਸੁਨੇਹਾ ਮਿਲਿਆ ਕਿ ਇਹ ਨੰਬਰ ਮੌਜੂਦ ਨਹੀਂ ਹੈ। ਇਸ ਤੋਂ ਬਾਅਦ ਆਂਢੀ ਗੁਆਂਢੀ ਇਕੱਠੇ ਹੋ ਗਏ ਅਤੇ ਕਮਰੇ ਦਾ ਸ਼ੀਸ਼ਾ ਤੋੜ ਕੇ ਬਾਲਟੀਆਂ ਨਾਲ ਪਾਣੀ ਸੁੱਟ ਕੇ ਅੱਗ ’ਤੇ ਕਾਬੂ ਪਾਇਆ ਪ੍ਰੰਤੂ ਉਦੋਂ ਤੱਕ ਇਨਵਰਟਰ ਸਮੇਤ ਕਮਰੇ ਵਿੱਚ ਪਿਆ ਫਰਨੀਚਰ, ਅਲਮਾਰੀਆਂ, ਪ੍ਰਿੰਟਰ ਅਤੇ ਕਾਫ਼ੀ ਸਮਾਨ ਸੜ ਕੇ ਸੁਆਹ ਹੋ ਗਿਆ।