ਕੁਲਦੀਪ ਸਿੰਘ
ਚੰਡੀਗੜ੍ਹ, 29 ਜੁਲਾਈ
ਸਿਹਤ ਵਿਭਾਗ ਪੰਜਾਬ ਦੇ ਨਾਲ-ਨਾਲ ਵੈਟਰਨਰੀ, ਡੈਂਟਲ, ਰੂਰਲ ਮੈਡੀਕਲ ਅਫ਼ਸਰਾਂ, ਆਯੁਰਵੈਦਿਕ ਅਤੇ ਹੋਮਿਓਪੈਥਿਕ ਡਾਕਟਰਾਂ ਵੱਲੋਂ ਐੱਨਪੀਏ ਦੀ ਮੰਗ ਸਬੰਧੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਭਰੋਸੇ ਉਪਰੰਤ ਭਾਵੇਂ ਫਿਲਹਾਲ ਇੱਕ ਹਫ਼ਤੇ ਲਈ ਧਰਨੇ ਪ੍ਰਦਰਸ਼ਨ ਬੰਦ ਕਰ ਦਿੱਤੇ ਹੋਏ ਹਨ ਪ੍ਰੰਤੂ ਪੀਸੀਐੱਮਐੱਸ ਐਸੋਸੀਏਸ਼ਨ ਵੱਲੋਂ ਨਿੱਜੀਕਰਨ ਖਿਲਾਫ਼ ਜ਼ਿਲ੍ਹਾ ਪੱਧਰੀ ਦਸਤਖ਼ਤੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਡਾਕਟਰਾਂ ਵੱਲੋਂ ਓਪੀਡੀਜ਼ ਦਾ ਬਾਈਕਾਟ ਅੱਜ ਵੀ ਜਾਰੀ ਰਿਹਾ। ਜੁਆਇੰਟ ਗੌਰਮਿੰਟ ਡਾਕਟਰਜ਼ ਕੋਆਰਡੀਨੇਸ਼ਨ ਕਮੇਟੀ ਦੇ ਆਗੂਆਂ ਵਿੱਚ ਡਾ. ਗਗਨਦੀਪ ਸਿੰਘ, ਡਾ. ਸਰਬਜੀਤ ਸਿੰਘ ਰੰਧਾਵਾ, ਡਾ. ਗਗਨਦੀਪ ਸਿੰਘ ਸ਼ੇਰਗਿੱਲ, ਡਾ. ਪਵਨਪ੍ਰੀਤ ਕੌਰ, ਡਾ. ਗਗਨਦੀਪ ਸਿੰਘ ਸ਼ੇਰਗਿੱਲ ਆਦਿ ਨੇ ਦੱਸਿਆ ਕਿ ਇਹ ਡਾਕਟਰਾਂ ਦੇ ਦਸਤਖ਼ਤ ਕੀਤੇ ਹੋਏ ਬੈਨਰ ਸਿਹਤ ਵਿਭਾਗ ਦੇ ਜ਼ਿਲ੍ਹਾ ਪੱਧਰੀ ਦਫ਼ਤਰਾਂ ਅਤੇ ਹੈੱਡਕੁਆਰਟਰਾਂ ਵਿੱਚ ਟੰਗੇ ਜਾਣਗੇ।