ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 7 ਜਨਵਰੀ
ਖੇਤੀਬਾੜੀ ਸੈਕਟਰ ਨਾਲ ਜੁੜੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਜਿੱਥੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਬੈਨਰ ਹੇਠ ਅੰਨਦਾਤਾ ਦਿੱਲੀ ਬਾਰਡਰ ਉੱਤੇ ਲੜੀਵਾਰ ਧਰਨੇ ’ਤੇ ਬੈਠਾ ਹੈ, ਉੱਥੇ ਮੁਹਾਲੀ ਵਿੱਚ ਚੰਦਾ ਇਕੱਠਾ ਕਰਨ ਨੂੰ ਲੈ ਕੇ ਕੁੱਝ ਕਿਸਾਨ ਜਥੇਬੰਦੀਆਂ ਆਹਮੋ ਸਾਹਮਣੇ ਆ ਗਈਆਂ ਹਨ ਅਤੇ ਮਾਮਲਾ ਥਾਣੇ ਪਹੁੰਚ ਗਿਆ ਹੈ। ਪੰਜਾਬ ਕਿਸਾਨ ਯੂਨੀਅਨ ਵੱਲੋਂ ਇੱਥੋਂ ਦੇ ਫੇਜ਼-7 ਦੀ ਮਾਰਕੀਟ ਵਿੱਚ ਧਰਨਾਕਾਰੀ ਕਿਸਾਨਾਂ ਦੀ ਮਦਦ ਲਈ ਚੰਦਾ ਅਤੇ ਹੋਰ ਸਮੱਗਰੀ ਇਕੱਠੀ ਕਰਨ ਲਈ ਰਾਹਤ ਕੈਂਪ ਲਗਾਇਆ ਗਿਆ ਹੈ। ਜਿੱਥੇ ਸ਼ਹਿਰ ਵਾਸੀ ਅਤੇ ਰਾਹਗੀਰ ਆਪਣੀ ਸਮਰੱਥਾ ਅਨੁਸਾਰ ਚੰਦਾ ਅਤੇ ਖਾਣ-ਪੀਣ ਦਾ ਸਾਮਾਨ ਦੇ ਰਹੇ ਹਨ। ਮੁਹਾਲੀ ਵਪਾਰ ਮੰਡਲ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਪਾਰਸ, ਕਾਂਗਰਸ ਆਗੂ ਅਜੈਬ ਸਿੰਘ ਬਾਕਰਪੁਰ ਨੇ ਕਿਸਾਨ ਯੂਨੀਅਨ ਦੀ ਇਸ ਪਹਿਲਕਦਮੀ ਦੀ ਪ੍ਰਸ਼ੰਸਾ ਕੀਤੀ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਕੰਵਲਜੀਤ ਸਿੰਘ, ਅਮਨਦੀਪ ਸਿੰਘ, ਗੱਬਰ ਸਿੰਘ ਸੰਗਰੂਰ, ਸੁਰਜੀਤ ਸਿੰਘ ਅਤੇ ਰੁਪਿੰਦਰ ਸਿੰਘ ਨੇ ਕਿਹਾ ਕਿ ਅੰਦੋਲਨਕਾਰੀ ਕਿਸਾਨਾਂ ਦੀ ਮਦਦ ਲਈ ਮੁਹਾਲੀ ਵਿੱਚ ਰਾਹਤ ਕੈਂਪ ਲਗਾਇਆ ਗਿਆ ਹੈ ਅਤੇ ਸਾਂਝੇ ਮੰਚ ਤੋਂ ਕਿਸਾਨਾਂ ਦੇ ਹੱਕ ਵਿੱਚ ਅਤੇ ਕਾਲੇ ਕਾਨੂੰਨਾਂ ਖ਼ਿਲਾਫ਼ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ, ਪ੍ਰੰਤੂ ਬੀਤੇ ਦਿਨੀਂ ਕੁਝ ਦੂਜੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਆਪਣੀ ਲੀਡਰੀ ਚਮਕਾਉਣ ਲਈ ਉਨ੍ਹਾਂ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਦੇ ਕੇ ਉਨ੍ਹਾਂ ਦੇ ਇਸ ਕਾਰਜ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਾਹਤ ਕੈਂਪ ਵਿੱਚ ਦਾਨ ਦੇਣ ਵਾਲਿਆਂ ਦਾ ਪੂਰਾ ਵੇਰਵਾ ਰਜਿਸਟਰਡ ਵਿੱਚ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਬੀਤੇ ਦਿਨੀਂ ਪੁਲੀਸ ਨੇ ਰਾਹਤ ਕੈਂਪ ਵਾਲੇ ਟੈਂਟ ਪੁੱਟ ਦਿੱਤਾ ਸੀ, ਪ੍ਰੰਤੂ ਬਾਅਦ ਵਿੱਚ ਐਸਐਸਪੀ ਨੂੰ ਸਾਰੀ ਸਥਿਤੀ ਸਪੱਸ਼ਟ ਕਰਨ ਮਗਰੋਂ ਦੁਬਾਰਾ ਟੈਂਟ ਲਗਾਇਆ ਗਿਆ ਹੈ। ਇਸ ਮੌਕੇ ਹਿਊਮਨ ਰਾਈਟਸ ਦੇ ਕਾਰਕੁਨ ਵਿਨੋਦ ਸ਼ਰਮਾ, ਬੀਬੀ ਕੁਲਦੀਪ ਕੌਰ, ਜਗਦੇਵ ਮਾਨ ਅਤੇ ਹਰਮੀਤ ਸੰਧੂ ਹਾਜ਼ਰ ਸਨ। ਉਨ੍ਹਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਦੂਜੇ ਪਾਸੇ ਕਿਸਾਨ ਯੂਨੀਅਨ (ਲੱਖੋਵਾਲ) ਅਤੇ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂਆਂ ਨੇ ਬੀਤੇ ਦਿਨੀਂ ਮੁਹਾਲੀ ਪੁਲੀਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਚੰਦਾ ਇਕੱਠਾ ਕਰਨ ਵਾਲੀ ਜਥੇਬੰਦੀ ਨੂੰ ਇੱਥੋਂ ਹਟਾਉਣ ਦੀ ਅਪੀਲ ਕੀਤੀ ਹੈ। ਕਿਸਾਨ ਆਗੂ ਕਿਰਪਾਲ ਸਿੰਘ ਸਿਆਊ, ਕੁਲਵੰਤ ਸਿੰਘ ਤ੍ਰਿਪੜੀ ਅਤੇ ਗਿਆਨ ਸਿੰਘ ਧੜਾਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵਿਸ਼ੇਸ਼ ਜਥੇਬੰਦੀ ਨੂੰ ਚੰਦਾ ਨਾ ਦੇਣ ਸਗੋਂ ਜੇ ਕੋਈ ਵਿਅਕਤੀ ਕਿਸਾਨਾਂ ਲਈ ਕੋਈ ਮਦਦ ਦੇਣਾ ਚਾਹੁੰਦਾ ਹੈ ਤਾਂ ਉਹ ਸਿੱਧੇ ਤੌਰ ’ਤੇ ਆਪਣੇ ਇਲਾਕੇ ਦੇ ਕਿਸਾਨ ਆਗੂ ਜਾਂ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਮਦਦ ਦੇ ਸਕਦਾ ਹੈ। ਡੀਐਸਪੀ (ਸਿਟੀ-1) ਗੁਰਸ਼ੇਰ ਸਿੰਘ ਸੰਧੂ ਨੇ ਚੰਦਾ ਇਕਠਾ ਕਰਨ ਵਾਲੀ ਜਥੇਬੰਦੀ ਦੇ ਖ਼ਿਲਾਫ਼ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।