ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 17 ਜੂਨ
ਯੂਟੀ ਦੇ ਸਰਕਾਰੀ ਕਾਲਜਾਂ ਵਿਚ ਲੈਕਚਰਾਰਾਂ ਦੀ ਘਾਟ ਦਾ ਖਮਿਆਜ਼ਾ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ। ਇਥੋਂ ਦੇ ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ-42, ਸੈਕਟਰ-46 ਤੇ ਸੈਕਟਰ-11 ਵਿਚ ਦਰਜਨ ਤੋਂ ਵੱਧ ਕੋਰਸ ਬੰਦ ਹੋ ਗਏ ਹਨ ਜਿਸ ਕਾਰਨ ਅਗਸਤ ਵਿਚ ਸ਼ੁਰੂ ਹੋਣ ਵਾਲੇ ਨਵੇਂ ਸੈਸ਼ਨ ਵਿਚ ਵਿਦਿਆਰਥੀਆਂ ਨੂੰ ਸੀਮਤ ਵਿਸ਼ੇ ਪੜ੍ਹਨ ਨੂੰ ਮਿਲਣਗੇ। ਦੂਜੇ ਪਾਸੇ ਯੂਟੀ ਦਾ ਉੱਚ ਸਿੱਖਿਆ ਵਿਭਾਗ ਨਵੇਂ ਲੈਕਚਰਾਰਾਂ ਦੀ ਨਿਯੁਕਤੀ ਨਹੀਂ ਕਰ ਸਕਿਆ ਜਿਸ ਕਾਰਨ ਆਉਣ ਵਾਲਾ ਸੈਸ਼ਨ ਚੁਣੌਤੀ ਭਰਿਆ ਹੋਵੇਗਾ।
ਜਾਣਕਾਰੀ ਅਨੁਸਾਰ ਇਨ੍ਹਾਂ ਕਾਲਜਾਂ ਨੇ ਡਾਇਰੈਕਟਰ ਹਾਇਰ ਐਜੂਕੇਸ਼ਨ ਨੂੰ ਜਾਣੂ ਕਰਵਾ ਦਿੱਤਾ ਹੈ ਉਹ ਕੋਰਸ ਬੰਦ ਕਰ ਰਹੇ ਹਨ ਤੇ ਇਹ ਕੋਰਸ ਕਾਲਜਾਂ ਵਿਚ ਲੈਕਚਰਾਰਾਂ ਦੀ ਭਾਰੀ ਘਾਟ ਕਾਰਨ ਬੰਦ ਹੋ ਰਹੇ ਹਨ। ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ-42 ਨੂੰ ਸਭ ਤੋਂ ਵਧ ਮਾਰ ਪਈ ਹੈ। ਇਥੇ ਸੱਤ ਕੋਰਸ ਬੰਦ ਹੋ ਰਹੇ ਹਨ। ਇਨ੍ਹਾਂ ਵਿਚ ਐੱਮਏ ਪੰਜਾਬੀ, ਐੱਮਏ ਹਿਸਟਰੀ, ਐੱਮਐੱਸਸੀ ਬਾਟਨੀ, ਐਮਐਸਸੀ ਜੂਆਲੋਜੀ, ਐਮਐਸਸੀ ਮਾਈਕਰੋਬਾਇਲ ਬਾਇਓਟੈਕਨਾਲੋਜੀ, ਪੋਸਟ ਗਰੈਜੂਏਟ ਡਿਪਲੋਮਾ ਇਨ ਸਾਈਬਰ ਕਰਾਈਮ, ਪੋਸਟ ਗਰੈਜੂਏਟ ਡਿਪਲੋਮਾ ਇਨ ਫੂਡ ਐਨਾਲਸਿਸ ਸ਼ਾਮਲ ਹੈ। ਇਸ ਤੋਂ ਇਲਾਵਾ ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ-11 ਵਿਚ ਐਮਐਸਸੀ ਫਿਜ਼ਿਕਸ ਤੇ ਐਮਏ ਹਿੰਦੀ ਬੰਦ ਹੋ ਚੁੱਕੇ ਹਨ। ਇਸ ਤੋਂ ਇਲਾਵਾ ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ-46 ਦੇ ਕਈ ਕੋਰਸਾਂ ’ਤੇ ਵੀ ਤਲਵਾਰ ਲਟਕ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਇੰਨੀ ਵੱਡੀ ਗਿਣਤੀ ਵਿਚ ਕੋਰਸ ਬੰਦ ਹੋਣ ਦਾ ਕਾਰਨ ਸਿਰਫ ਲੈਕਚਰਾਰਾਂ ਦੀ ਘਾਟ ਹੈ ਤੇ ਉੱਚ ਸਿੱਖਿਆ ਵਿਭਾਗ ਨੇ ਪਿਛਲੇ ਕਈ ਸਾਲਾਂ ਤੋਂ ਰਿਸੋਰਸ ਪਰਸਨ ਵਜੋਂ ਤਾਇਨਾਤ ਅਧਿਆਪਕਾਂ ਦੇ ਮਸਲੇ ਵੀ ਹੱਲ ਨਹੀਂ ਕੀਤੇ। ਉਚ ਸਿੱਖਿਆ ਵਿਭਾਗ ਨੇ ਸਰਕਾਰੀ ਕਾਲਜਾਂ ਵਿੱਚੋਂ ਪਿਛਲੇ ਸਮੇਂ 250 ਰਿਸੋਰਸ ਪਰਸਨਜ਼ ਦੀ ਛੁੱਟੀ ਕਰ ਦਿੱਤੀ ਸੀ ਪਰ ਉਨ੍ਹਾਂ ਦੀ ਥਾਂ ਹਾਲੇ ਤਕ ਬਦਲਵੇਂ ਪ੍ਰਬੰਧ ਨਹੀਂ ਕੀਤੇ। ਇਥੋਂ ਦੇ ਕਾਲਜਾਂ ਵਿਚ ਅਗਸਤ ਵਿਚ ਜਮਾਤਾਂ ਸ਼ੁਰੂ ਹੋਣਗੀਆਂ ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਣ ਦਾ ਖਦਸ਼ਾ ਬਣ ਗਿਆ ਹੈ।
ਲੈਕਚਰਾਰਾਂ ਦੀ ਜਲਦੀ ਤਾਇਨਾਤੀ ਕੀਤੀ ਜਾਵੇਗੀ: ਸਕੱਤਰ
ਸਿੱਖਿਆ ਸਕੱਤਰ ਪੂਰਵਾ ਗਰਗ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਜਾਣਕਾਰੀ ਮਿਲੀ ਹੈ ਕਿ ਕਾਲਜਾਂ ਵਿਚ ਲੈਕਚਰਾਰਾਂ ਦੀ ਸਖਤ ਘਾਟ ਹੈ ਪਰ ਇਹ ਸਮੱਸਿਆ ਜਲਦੀ ਹੀ ਹੱਲ ਕੀਤੀ ਜਾਵੇਗੀ, ਉਨ੍ਹਾਂ ਯੂਪੀਐਸਸੀ ਨੂੰ ਵੀ ਖਾਲੀ ਅਸਾਮੀਆਂ ’ਤੇ ਤਾਇਨਾਤੀ ਕਰਨ ਲਈ ਪੱਤਰ ਲਿਖਿਆ ਹੈ। ਡਾਇਰੈਕਟਰ ਹਾਇਰ ਐਜੂਕੇਸ਼ਨ ਅਮਨਦੀਪ ਸਿੰਘ ਭੱਟੀ ਨੇ ਕਿਹਾ ਕਿ ਕਾਲਜਾਂ ਵਿਚ ਲੈਕਚਰਾਰਾਂ ਦੀਆਂ ਨਿਯੁਕਤੀਆਂ ਦੇ ਅਮਲ ’ਤੇ ਕੰਮ ਚੱਲ ਰਿਹਾ ਹੈ ਪਰ ਵਿਦਿਆਰਥੀਆਂ ਦਾ ਕਿਸੇ ਪੱਧਰ ’ਤੇ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ।
ਸਰਕਾਰੀ ਕਾਲਜ ਸੈਕਟਰ-46 ਵਿਚ ਬੀਬੀਏ ਪਾਰਟ-1 ਬੰਦ ਹੋਵੇਗਾ
ਇਹ ਵੀ ਪਤਾ ਲੱਗਾ ਹੈ ਕਿ ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ-46 ਦੇ ਪ੍ਰਿੰਸੀਪਲ ਨੇ ਡਾਇਰੈਕਟਰ ਹਾਇਰ ਐਜੂਕੇਸ਼ਨ ਨੂੰ 16 ਜੂਨ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਇਸ ਕਾਲਜ ਵਿਚ ਬੀਬੀਏ ਦੇ ਲੈਕਚਰਾਰਾਂ ਦੀ ਭਾਰੀ ਘਾਟ ਹੈ ਤੇ ਕਾਲਜ ਵਿਚ ਨਵੇਂ ਲੈਕਚਰਾਰ ਨਿਯੁਕਤ ਨਾ ਹੋਣ ’ਤੇ ਅਗਸਤ ਵਿਚ ਸ਼ੁਰੂ ਹੋਣ ਵਾਲੇ ਸੈਸ਼ਨ ਵਿਚ ਬੀਬੀਏ-1 ਵਿਚ ਦਾਖਲੇ ਨਹੀਂ ਕੀਤੇ ਜਾਣਗੇ।