ਬਲਵਿੰਦਰ ਰੈਤ
ਨੂਰਪੁਰ ਬੇਦੀ, 5 ਅਗਸਤ
ਸੁਆਂ ਨਦੀ ਅਤੇ ਸਤਲੁਜ ਦਰਿਆ ਵਿੱਚ ਖਣਨ ਮਾਫ਼ੀਏ ਵੱਲੋਂ ਕੀਤੀ ਜਾਂਦੀ ਨਾਜਾਇਜ਼ ਮਾਈਨਿੰਗ ਨਾਲ ਦਰਜਨਾਂ ਪਿੰਡਾਂ ਵਿੱਚ ਹੜ੍ਹਾਂ ਦਾ ਖ਼ਤਰਾ ਮੰਡਰਾ ਰਿਹਾ ਹੈ। ਇਨ੍ਹਾਂ ਪਿੰਡਾਂ ਦੇ ਲੋਕਾਂ ਵਿੱਚ ਹੜ੍ਹਾਂ ਨਾਲ ਹੋਣ ਵਾਲੇ ਨੁਕਸਾਨ ਕਾਰਨ ਦਹਿਸ਼ਤ ਦਾ ਮਾਹੌਲ ਹੈ। ਪਿੰਡ ਅਗੰਮਪੁਰ ਅਤੇ ਗੋਬਿੰਦਪੁਰ ਬੇਲਾ ਦੇ ਵਸੀਮੇ ’ਤੇ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਕਾਰਨ ਹੜ੍ਹਾਂ ਦੇ ਖ਼ਤਰੇ ਨੂੰ ਵੇਖਦਿਆਂ ਪ੍ਰਭਾਵਿਤ ਪਿੰਡਾਂ ਗੋਬਿੰਦਪੁਰ ਬੇਲਾ, ਮੋਠਾਪੁਰ, ਅਮਰਪੁਰ ਬੇਲਾ ਆਦਿ ਪਿੰਡਾਂ ਦੇ ਲੋਕਾਂ ਨੇ ਗੋਬਿੰਦਪੁਰ ਦੇ ਇੱਕ ਮੰਦਰ ਵਿੱਚ ਸਾਂਝਾ ਇਕੱਠ ਕੀਤਾ ਗਿਆ, ਜਿਸ ਵਿੱਚ ਇਲਾਕਾ ਸੰਘਰਸ਼ ਕਮੇਟੀ ਨੂਰਪੁਰ ਬੇਦੀ ਦੇ ਪ੍ਰਧਾਨ ਗੁਰਨਾਇਬ ਸਿੰਘ ਜੇਤੇਵਾਲ ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਵੀ ਸ਼ਾਮਲ ਸਨ। ਮੀਟਿੰਗ ਦੌਰਾਨ ਮਾਈਨਿੰਗ ਦੇ ਮਸਲੇ ’ਤੇ ਸਰਕਾਰ ਦੇ ਢਿੱਲ-ਮੱਠ ਵਾਲੇ ਰਵੱਈਏ ਦੀ ਸਖ਼ਤ ਨਿਖੇਧੀ ਕੀਤੀ ਗਈ ਅਤੇ 15 ਅਗਸਤ ਨੂੰ ਵੱਡੀ ਮੀਟਿੰਗ ਕਰਨ ਦਾ ਫ਼ੈਸਲਾ ਕੀਤਾ ਗਿਆ, ਜਿਸ ਵਿੱਚ ਅਗਲੇ ਸੰਘਰਸ਼ ਦੀ ਰੂਪ ਰੇਖਾ ਐਲਾਨੀ ਜਾਵੇਗੀ। ਇਸ ਇਕੱਠ ਵਿੱਚ ਪੰਜਾਬ ਦੀਆਂ 13 ਕਿਸਾਨ ਜਥੇਬੰਦੀਆਂ ਹਿੱਸਾ ਲੈਣਗੀਆਂ। ਇਸ ਵਿੱਚ ਹੋਏ ਫੈਸਲੇ ਮੁਤਾਬਕ ਮੋਟਰ ਸਾਈਕਲ ਰੈਲੀ ਕੱਢੀਆਂ ਜਾਣਗੀਆਂ। ਇਸ ਸਬੰਧੀ ਕਿਸਾਨਾਂ ਦੀ ਡਿਊਟੀਆਂ ਲਗਾਈਆ ਜਾਣਗੀਆਂ। ਉਨ੍ਹਾਂ ਇਸ ਨੂੰ ਕਿਸਾਨਾਂ ਵੱਲੋਂ 27 ਜੁਲਾਈ ਨੂੰ ਨੂਰਪੁਰ ਬੇਦੀ ਵਿੱਚ ਕੱਢੀ ਗਈ ਟਰੈਕਟਰ ਟਰਾਲੀ ਵਾਂਗ ਕਾਮਯਾਬ ਕਰਨ ਦਾ ਅਹਿਦ ਲਿਆ ਨਾਲ ਹੀ ਕਿਸਾਨ ਆਗੂਆਂ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਮੀਟਿੰਗਾਂ ਕਰਵਾਉਣ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ। ਮੀਟਿੰਗ ਵਿੱਚ ਮੋਹਣ ਸਿੰਘ ਧਮਾਣਾ, ਮਹਿੰਦਰ ਪੰਨੂ, ਹਰਪ੍ਰੀਤ ਸਿੰਘ ਕਾਹਲੋਂ, ਦਵਿੰਦਰ ਸਿੰਘ ਬਜਾੜ, ਬਿੱਕਰ ਸਿੰਘ ਮੋਠਾਪੁਰ, ਸੰਜੀਵ ਮੋਠਾਪੁਰ ਅਤੇ ਪ੍ਰਭ ਦਿਆਲ ਬੇਲਾ ਹਾਜ਼ਰ ਸਨ।