ਸਰਬਜੀਤ ਸਿੰਘ ਭੱਟੀ
ਲਾਲੜੂ, 15 ਜਨਵਰੀ
ਨੇੜਲੇ ਪਿੰਡ ਆਲਮਗੀਰ ਤੇ ਝੱਜੋਂ ਨਿਵਾਸੀਆਂ ਨੇ ਮਾਈਨਿੰਗ ਵਿਭਾਗ ਨੂੰ ਸ਼ਿਕਾਇਤ ਦੇ ਕੇ ਕਿਹਾ ਕਿ ਘੱਗਰ ਦਰਿਆ ਵਿੱਚ ਕਥਿਤ ਤੌਰ ’ਤੇ ਗੈਰਕਾਨੂੰਨੀ ਹੋ ਰਹੀ ਮਾਈਨਿੰਗ ਦੇ ਚਲਦੇ ਦਰਿਆ ਦਾ ਕੁਦਰਤੀ ਵਹਾਅ ਬਦਲ ਸਕਦਾ ਹੈ ਤੇ ਹੜ੍ਹਾਂ ਦੌਰਾਨ ਦਰਜਨਾਂ ਪਿੰਡਾਂ ਦਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਬੋਲੀ ਕੀਤੇ ਨੰਬਰਾਂ ਦੀ ਬਜਾਏ ਹੋਰ ਖਸਰਾ ਨੰਬਰਾਂ ਵਿੱਚੋਂ ਠੇਕੇਦਾਰਾਂ ਵੱਲੋਂ ਮਾਈਨਿੰਗ ਕੀਤੀ ਜਾ ਰਹੀ ਹੈ। ਪਿੰਡ ਆਲਮਗੀਰ ਨਿਵਾਸੀ ਮਾਸਟਰ ਬਲਦੇਵ ਸਿੰਘ, ਨੰਬਰਦਾਰ ਗੁਰਵਿੰਦਰ ਸਿੰਘ, ਨੰਬਰਦਾਰ ਬਲਜਿੰਦਰ ਸਿੰਘ, ਜਤਿੰਦਰ ਸਿੰਘ, ਮਲਕੀਤ ਸਿੰਘ ਅਤੇ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਹਰਵਿੰਦਰ ਸਿੰਘ ਝਰਮੜੀ ਨੇ ਦੱਸਿਆ ਕਿ ਸਰਕਾਰ ਵੱਲੋਂ ਜਿਨ੍ਹਾ ਖਸਰਾ ਨੰਬਰਾਂ ਦੀ ਮਾਈਨਿੰਗ ਲਈ ਬੋਲੀ ਕੀਤੀ ਗਈ, ਉਨ੍ਹਾ ਤੋਂ ਬਾਹਰ ਜਾ ਕੇ ਖਸਰਾ ਨੰਬਰ 525, 526, 527, 529, 530 ਅਤੇ 537 ਜੋ ਸੁਰਿੰਦਰਪਾਲ ਸਿੰਘ, ਜਸਵੀਰ ਸਿੰਘ ਅਤੇ ਸਵਰਨ ਸਿੰਘ ਵਾਸੀ ਝੱਜੋਂ ਦੇ ਨਾਂ ਹਨ, ਵਿਚੋਂ ਰੇਤਾ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਠੇਕੇਦਾਰ ਵੱਲੋਂ ਗਲਤ ਨੰਬਰਾਂ ਵਿੱਚੋਂ ਰੇਤਾ ਚੁੱਕਣ ਕਾਰਨ ਘੱਗਰ ਦਾ ਕੁਦਰਤੀ ਵਹਾਅ ਝਰਮਲ ਨਦੀ ਵੱਲ ਹੋ ਜਾਵੇਗਾ, ਜਿਸ ਕਾਰਨ ਹੜ੍ਹਾਂ ਦੌਰਾਨ ਕਈ ਪਿੰਡਾਂ ਦਾ ਨੁਕਸਾਨ ਹੋ ਸਕਦਾ ਹੈ।
ਮੌਕਾ ਦੇਖ ਕੇ ਕਾਰਵਾਈ ਹੋਵੇਗੀ: ਐਕਸੀਅਨ
ਮਾਈਨਿੰਗ ਵਿਭਾਗ ਦੇ ਐਕਸੀਅਨ ਨਿਰਮਲ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਜਿਨ੍ਹਾਂ ਨੰਬਰਾਂ ਦੀ ਬੋਲੀ ਕੀਤੀ ਹੈ, ਉਨ੍ਹਾ ਵਿੱਚੋਂ ਹੀ ਰੇਤਾ ਕੱਢਿਆ ਜਾ ਰਿਹਾ ਹੈ ਜੋ ਨਿਯਮ ਮੁਤਾਬਕ ਹੈ, ਫਿਰ ਵੀ ਮੌਕਾ ਵੇਖ ਕੇ ਕਰਵਾਈ ਕੀਤੀ ਜਾਵੇਗੀ।