ਪੱਤਰ ਪ੍ਰੇਰਕ
ਚੰਡੀਗੜ੍ਹ, 20 ਨਵੰਬਰ
ਪੰਜਾਬੀ ਅਧਿਐਨ ਸਕੂਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ‘ਡਾ. ਕੇਸਰ ਸਿੰਘ ਕੇਸਰ ਨੂੰ ਯਾਦ ਕਰਦਿਆਂ’ ਵਿਸ਼ੇ ’ਤੇ ਵੈਬਿਨਾਰ ਕਰਵਾਇਆ ਗਿਆ ਜਿਸ ਦੇ ਮੁੱਖ ਬੁਲਾਰੇ ਡਾ. ਜਸਬੀਰ ਕੇਸਰ, ਡਾ. ਸੁਖਦੇਵ ਸਿੰਘ ਸਿਰਸਾ ਤੇ ਡਾ. ਸਰਬਜੀਤ ਸਿੰਘ ਸਨ। ਡਾ. ਸਿਰਸਾ ਨੇ ਪੰਜਾਬੀ ਦੇ ਨਾਮਵਰ ਚਿੰਤਕ ਡਾ. ਕੇਸਰ ਸਿੰਘ ਕੇਸਰ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਜੀਵਨ, ਸ਼ਖ਼ਸੀਅਤ, ਅਧਿਆਪਨ ਕਲਾ ਅਤੇ ਸਿਰਜਣਾਤਮਕਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਡਾ. ਕੇਸਰ ਸਿੰਘ ਕੇਸਰ ਆਪਣੇ ਵਿਦਿਆਰਥੀਆਂ ਨੂੰ ਚਲਦੀ ਫਿਰਦੀ ਲਾਇਬਰੇਰੀ ਸਮਝਦੇ ਸਨ, ਵਿਦਿਆਰਥੀਆਂ ਪ੍ਰਤੀ ਉਨ੍ਹਾਂ ਦਾ ਸਮਰਪਣ ਲਾਸਾਨੀ ਸੀ। ਡਾ. ਜਸਬੀਰ ਕੇਸਰ ਨੇ ਉਨ੍ਹਾਂ ਦੀ ਕਾਵਿ-ਆਲੋਚਨਾ ਅਤੇ ਯਾਦਾਂ ਬਾਰੇ ਭਾਵਪੂਰਤ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਵਿਚਾਰ ਸਭ ਦੇ ਦਿਲਾਂ ਵਿੱਚ ਸਮਾਏ ਹੋਏ ਹਨ। ਵੈਬੀਨਾਰ ਦੇ ਸ਼ੁਰੂ ਵਿਚ ਵਿਭਾਗ ਦੇ ਚੇਅਰਪਰਸਨ ਪ੍ਰੋ. ਸਰਬਜੀਤ ਸਿੰਘ ਨੇ ਡਾ. ਕੇਸਰ ਸਿੰਘ ਕੇਸਰ ਦੀ ਪੰਜਾਬੀ ਵਿਭਾਗ ਨੂੰ ਦੇਣ ਸਬੰਧੀ ਚਰਚਾ ਕੀਤੀ। ਉਨ੍ਹਾਂ ਨੇ ਡਾ. ਕੇਸਰ ਦੀ ਪ੍ਰਗਤੀਵਾਦੀ ਵਿਚਾਰਧਾਰਾ ਦੀ ਸਮਝ ਸਬੰਧੀ ਵਿਸ਼ੇਸ਼ ਰੂਪ ਵਿਚ ਸਰਾਹਨਾ ਕੀਤਾ। ਪ੍ਰੋ. ਉਮਾ ਸੇਠੀ ਨੇ ਵੈਬਿਨਾਰ ਦੇ ਅੰਤ ਵਿਚ ਸ੍ਰੀਮਤੀ ਜਸਬੀਰ ਕੇਸਰ ਦਾ ਧੰਨਵਾਦ ਕਰਦੇ ਹੋਏ ਅੱਜ ਦੇ ਵੈਬਿਨਾਰ ਨੇ ਡਾ. ਕੇਸਰ ਸਿੰਘ ਕੇਸਰ ਦੀਆਂ ਯਾਦਾਂ ਨੂੰ ਇਕ ਵਾਰ ਫਿਰ ਤੋਂ ਤਾਜ਼ਾ ਕਰ ਦਿੱਤਾ ਹੈ। ਇਸ ਵੈਬਿਨਾਰ ਵਿਚ ਵਿਭਾਗ ਦੇ ਪ੍ਰੋ. ਯੋਗ ਰਾਜ, ਡਾ. ਅਕਵਿੰਦਰ ਕੌਰ ਤਨਵੀ, ਡਾ. ਪਵਨ ਕੁਮਾਰ ਤੇ ਡਾ. ਅਸ਼ਵਨੀ ਕੁਮਾਰ ਸਮੇਤ ਲਗਪਗ ਸੌ ਸਰੋਤਿਆਂ ਨੇ ਭਾਗ ਲਿਆ।
ਗੁਰੂ ਤੇਗ਼ ਬਹਾਦਰ ਨਾਲ ਸਬੰਧਿਤ ਨਾਟ ਰਚਨਾ ’ਤੇ ਚਰਚਾ
ਪੰਜਾਬੀ ਅਧਿਐਨ ਸਕੂਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਵਿਸ਼ੇਸ਼ ਸ਼ਤਾਬਦੀ ਵੈਬਿਨਾਰ, 2 ਦੀ ਲੜੀ ਤਹਿਤ ‘ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨਾਲ ਸੰਬੰਧਿਤ ਨਾਟ ਰਚਨਾ’ ਵਿਸ਼ੇ ਉੱਤੇ ਵੈਬੀਨਾਰ ਕਰਵਾਇਆ ਗਿਆ ਜਿਸ ਦੇ ਮੁੱਖ ਬੁਲਾਰੇ ਜ਼ਹੀਨ ਨਾਟਕਕਾਰ ਤੇ ਨਿਰਦੇਸ਼ਕ ਕੇਵਲ ਧਾਲੀਵਾਲ ਸਨ। ਉਨ੍ਹਾਂ ਆਪਣੇ ਭਾਸ਼ਣ ਦੀ ਸ਼ੁਰੂਆਤ ਗੁਰੂ ਤੇਗ਼ ਬਹਾਦਰ ਦੀ ਮਾਨਵ ਦੇ ਧਰਮ, ਅਸੂਲਾਂ ਅਤੇ ਸੁਤੰਤਰਤਾ ਲਈ ਦੇਣ ਨਾਲ ਕੀਤੀ। ਕੇਵਲ ਧਾਲੀਵਾਲ ਨੇ ਡਾ. ਹਰਚਰਨ ਸਿੰਘ ਦੇ ਨਾਟਕ ‘ਹਿੰਦ ਦੀ ਚਾਦਰ’ ਰਾਹੀਂ ਨਾਟਕ ਤੇ ਇਤਿਹਾਸ ਦੇ ਗੂੜੇ ਰਿਸ਼ਤੇ ਬਾਰੇ ਗੱਲ ਕਰਦੇ ਕਿਹਾ ਕਿ ਨਾਟਕ ਸਹਿਜੇ ਹੀ ਹਜ਼ਾਰਾਂ ਲੋਕਾਂ ਤੱਕ ਪਹੁੰਚ ਜਾਂਦਾ ਹੈ। ਉਨ੍ਹਾਂ ਗੁਰੂ ਤੇਗ਼ ਬਹਾਦਰ ਸਾਹਿਬ ਸਬੰਧੀ ਲਿਖੇ ਵੱਖ-ਵੱਖ ਨਾਟਕਾਂ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਗੁਰੂ ਸਬੰਧੀ ਲਿਖੇ ਨਾਟਕਾਂ ’ਤੇ ਉਦੋਂ ਉਦੋਂ ਪਾਬੰਦੀ ਲਗਦੀ ਰਹੀ, ਜਦੋਂ ਇਨ੍ਹਾਂ ਨਾਟਕਾਂ ਵਿੱਚੋਂ ਭਾਰਤੀ ਹਾਕਮਾਂ ਨੂੰ ਆਪਣੇ ਨਕਸ਼ ਨਜ਼ਰ ਆਉਂਦੇ ਰਹੇ। ਵੈਬਿਨਾਰ ਦੇ ਸ਼ੁਰੂ ਵਿਚ ਵਿਭਾਗ ਦੇ ਚੇਅਰਪਰਸਨ ਪ੍ਰੋ. ਸਰਬਜੀਤ ਸਿੰਘ ਨੇ ਕੇਵਲ ਧਾਲੀਵਾਲ ਦੀ ਨਾਟਕ ਸਬੰਧੀ ਦੇਣ ਬਾਰੇ ਚਰਚਾ ਕਰਦਿਆਂ ਕਿਹਾ ਕਿ ਧਾਲੀਵਾਲ ਦੀ ਨਾਟਕ ਪ੍ਰਤੀ ਪ੍ਰਤੀਬੱਧਤਾ ਲਾਸਾਨੀ ਹੈ। ਪ੍ਰੋ. ਉਮਾ ਸੇਠੀ ਨੇ ਵੈਬਨਾਰ ਦੇ ਅੰਤ ਵਿਚ ਕੇਵਲ ਧਾਲੀਵਾਲ ਦਾ ਧੰਨਵਾਦ ਕਰਦਿਆਂ ਅਜਿਹੇ ਚੰਗੇ ਪ੍ਰੋਗਰਾਮਾਂ ਨਾਲ ਵਿਚਾਰਾਂ ਦਾ ਪਾਸਾਰ ਹੋਣ ਦੀ ਗੱਲ ਕੀਤੀ। ਵੈਬਨਾਰ ਵਿੱਚ ਵਿਭਾਗ ਦੇ ਪ੍ਰੋ. ਸੁਖਦੇਵ ਸਿੰਘ ਸਿਰਸਾ, ਪ੍ਰੋ. ਯੋਗ ਰਾਜ, ਡਾ. ਅਕਵਿੰਦਰ ਕੌਰ ਤਨਵੀ, ਡਾ. ਪਵਨ ਕੁਮਾਰ ਤੇ ਡਾ. ਅਸ਼ਵਨੀ ਕੁਮਾਰ ਸਮੇਤ ਹੋਰ ਸਰੋਤੇ ਸ਼ਾਮਲ ਸਨ।