ਕਰਮਜੀਤ ਸਿੰਘ ਚਿੱਲਾ
ਬਨੂੜ, 19 ਜੁਲਾਈ
ਨੇੜਲੇ ਪਿੰਡ ਖਲੌਰ ’ਚ ਕਲੋਨਾਈਜ਼ਰ ਵੱਲੋਂ ਕੱਟੀ ਜਾ ਰਹੀ ਕਲੋਨੀ ਕਾਰਨ ਖੇਤਾਂ ਵਿਚਲੇ ਪਾਣੀ ਦੀ ਨਿਕਾਸੀ ਰੁਕਣ ਕਾਰਨ ਪ੍ਰੇਸ਼ਾਨ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਸੈਂਕੜੇ ਏਕੜ ਝੋਨੇ ਅਤੇ ਹੋਰ ਫ਼ਸਲਾਂ ਵਿੱਚ ਪਾਣੀ ਭਰ ਗਿਆ ਹੈ ਤੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਇਨ੍ਹਾਂ ਫ਼ਸਲਾਂ ਦੇ ਖਰਾਬ ਹੋਣ ਦਾ ਡਰ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਪਾਣੀ ਦਾ ਨਿਕਾਸ ਨਾ ਹੋਇਆ ਤਾਂ ਉਹ ਕਲੋਨੀ ਅੱਗੇ ਧਰਨਾ ਲਾਉਣ ਤੋਂ ਵੀ ਗੁਰੇਜ਼ ਨਹੀਂ ਕਰਨਗੇ।
ਪ੍ਰਭਾਵਿਤ ਕਿਸਾਨਾਂ ਜਸਵਿੰਦਰ ਸਿੰਘ ਲਾਲਾ, ਜਸਵੀਰ ਸਿੰਘ, ਟਹਿਲ ਸਿੰਘ, ਕ੍ਰਿਪਾਲ ਸਿੰਘ, ਅਮਰੀਕ ਸਿੰਘ, ਲਾਭ ਸਿੰਘ, ਜਸਵੰਤ ਸਿੰਘ, ਜੀਤ ਸਿੰਘ ਅਤੇ ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀਆਂ ਜ਼ਮੀਨਾਂ ਨੇੜੇ ਇੱਕ ਨਿੱਜੀ ਕੰਪਨੀ ਵੱਲੋਂ ਜ਼ਮੀਨ ਖਰੀਦ ਕੇ ਕਲੋਨੀ ਕੱਟੀ ਜਾ ਰਹੀ ਹੈ। ਕੰਪਨੀ ਪ੍ਰਬੰਧਕਾਂ ਵੱਲੋਂ ਕਲੋਨੀ ਅੰਦਰ ਸੜਕਾਂ ਬਣਾਈਆਂ ਜਾ ਰਹੀਆਂ ਹਨ, ਜੋ ਸਾਡੀਆਂ ਜ਼ਮੀਨਾਂ ਤੋਂ ਉੱਚੀਆਂ ਹਨ। ਇਸ ਕਾਰਨ ਉਨ੍ਹਾਂ ਦੀਆਂ ਜ਼ਮੀਨਾਂ ਦੇ ਪਾਣੀ ਦੀ ਨਿਕਾਸੀ ਰੁਕ ਗਈ ਹੈ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਪਾਣੀ ਦੇ ਨਿਕਾਸ ਲਈ ਪੁਲੀਆਂ ਬਣਾਉਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਹੁਣ ਅਜਿਹਾ ਨਹੀਂ ਕੀਤਾ ਜਾ ਰਿਹਾ।
ਕੰਪਨੀ ਪ੍ਰਬੰਧਕ ਨੀਰਜ ਕਾਂਸਲ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਪਾਣੀ ਦੇ ਨਿਕਾਸ ਲਈ ਪਾਈਪ ਲਾਈਨਾਂ ਪਾਈਆਂ ਜਾ ਰਹੀਆਂ ਹਨ ਤੇ ਬਾਰਿਸ਼ ਕਾਰਨ ਕੰਮ ਰੁਕਿਆ ਹੋਇਆ ਹੈ।
ਬਰਸਾਤੀ ਪਾਣੀ ’ਚ ਕਿਸਾਨਾਂ ਦਾ ਝੋਨਾ ਡੁੱਬਿਆ
ਬਨੂੜ ਤੋਂ ਰਾਜੋਮਾਜਰਾ ਨੂੰ ਜਾਂਦੀ ਸੜਕ ’ਤੇ ਪਾਣੀ ਦਾ ਨਿਕਾਸ ਨਾ ਹੋਣ ਕਈ ਕਿਸਾਨਾਂ ਦਾ ਝੋਨਾ ਡੁੱਬ ਗਿਆ ਹੈ। ਨਿਰਭੈਲ ਸਿੰਘ, ਹਰਦਿਆਲ ਸਿੰਘ, ਸੁਖਦਿਆਲ ਸਿੰਘ, ਪ੍ਰੀਤ ਸੰਧੂ ਨੇ ਦੱਸਿਆ ਕਿ ਉਹ ਕਈ ਵਾਰ ਕੌਂਸਲ ਅਧਿਕਾਰੀਆਂ ਨੂੰ ਆਪਣੀ ਇਸ ਸਮੱਸਿਆ ਬਾਰੇ ਜਾਣੂ ਕਰਵਾ ਚੁੱਕੇ ਹਨ ਪਰ ਕੋਈ ਹੱਲ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਪਾਣੀ ਦਾ ਨਿਕਾਸ ਨਾ ਕਾਰਨ ਸਾਰਾ ਪਾਣੀ ਉਨ੍ਹਾਂ ਦੇ ਖੇਤਾਂ ਵਿੱਚ ਆ ਕੇ ਖੜ੍ਹ ਜਾਂਦਾ ਹੈ।
ਸਰਕਾਰੀ ਸਕੂਲ ਬਾਹਰ ਖੜ੍ਹਦੇ ਪਾਣੀ ਕਾਰਨ ਵਿਦਿਆਰਥੀ ਪ੍ਰੇਸ਼ਾਨ
ਖਰੜ (ਸ਼ਸ਼ੀ ਪਾਲ ਜੈਨ): ਖਰੜ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਗੇਟ ਅੱਗੇ ਮੀਂਹ ਦਾ ਪਾਣੀ ਖੜ੍ਹਨ ਕਾਰਨ ਸਕੂਲ ਆਉਣ-ਜਾਣ ਵਾਲਿਆਂ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਭਾਰੀ ਪ੍ਰੇਸ਼ਾਨੀ ਹੁੰਦੀ ਹੈ। ਇਸ ਸਬੰਧੀ ਖਰੜ ਦੇ ਕੁਝ ਵਸਨੀਕਾਂ ਤਰਨਜੀਤ ਸਿੰਘ ਬੱਤਰਾ, ਮਨਪ੍ਰੀਤ ਸਿੰਘ ਗੋਲਡੀ, ਡਾ. ਜਗਵਿੰਦਰ ਸਿੰਘ ਨੇ ਦੱਸਿਆ ਕਿ ਇੱਥੇ ਮੀਂਹ ਦਾ ਪਾਣੀ ਖੜ੍ਹਨ ਕਾਰਨ ਅਸਕਰ ਵਿਦਿਆਰਥੀਆਂ ਦੇ ਕੱਪੜੇ ਖਰਾਬ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮੀਂਹ ਦੌਰਾਨ ਹਾਲਾਤ ਹੋਰ ਵੀ ਖਰਾਬ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਸੜਕ ਉਤੇ ਆਵਾਜਾਈ ਬਹੁਤ ਰਹਿੰਦੀ ਹੈ ਤੇ ਸਕੂਲ ਅੱਗੇ ਪਾਣੀ ਖੜ੍ਹਨ ਕਾਰਨ ਉਥੇ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਸਕੂਲ ਦੇ ਪ੍ਰਿੰਸੀਪਲ ਨੇ ਵੀ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਨੂੰ ਇਸ ਸਬੰਧੀ ਚਿੱਠੀ ਲਿਖੀ ਹੈ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਈ ਪ੍ਰਬੰਧ ਕੀਤੇ ਜਾਣ ਅਤੇ ਮੈਨ ਹੋਲ ਦੀ ਸਫਾਈ ਕਰਵਾਈ ਜਾਵੇ।