ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 13 ਅਗਸਤ
ਅੱਜ ਸਵੇਰੇ ਹੋਈ ਤੇਜ਼ ਬਾਰਸ਼ ਕਾਰਨ ਮੁਹਾਲੀ ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ ਜਲਥਲ ਹੋ ਗਿਆ। ਇਕ ਘੰਟੇ ਦੀ ਬਾਰਸ਼ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਜਲ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। ਕਈ ਨੀਵੇਂ ਇਲਾਕਿਆਂ ਵਿੱਚ ਮੀਂਹ ਦਾ ਪਾਣੀ ਭਰ ਗਿਆ। ਮੁਹਾਲੀ ਏਅਰਪੋਰਟ ਨੇੜਲੇ ਪਿੰਡ ਬਾਕਰਪੁਰ ਵਿੱਚ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਅਤੇ ਪੂਰੇ ਪਿੰਡ ਵਿੱਚ ਬਦਬੂ ਫੈਲ ਗਈ। ਸਰਪੰਚ ਜਗਤਾਰ ਸਿੰਘ ਤੇ ਹੋਰਾਂ ਨੇ ਮੌਕੇ ਦਾ ਜਾਇਜ਼ਾ ਲਿਆ। ਇੰਜ ਹੀ ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸਵ ਜੈਨ ਅਤੇ ਸਾਥੀ ਕੌਂਸਲਰਾਂ ਦੇ ਵਾਰਡਾਂ ਦੀਆਂ ਸੜਕਾਂ ਪਾਣੀ ਵਿੱਚ ਡੁੱਬ ਗਈਆਂ ਅਤੇ ਗਲੀ ਮੁਹੱਲਿਆਂ ਨੇ ਤਲਾਬ ਦਾ ਰੂਪ ਧਾਰਨ ਕਰ ਲਿਆ। ਸੈਕਟਰ-76 ਤੋਂ 80 ਅਤੇ ਹੋਰਨਾਂ ਇਲਾਕਿਆਂ ਵਿੱਚ ਵੀ ਮੀਂਹ ਦੇ ਪਾਣੀ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ। ਪਿੰਡ ਬਾਕਰਪੁਰ ਦੇ ਸਰਪੰਚ ਜਗਤਾਰ ਸਿੰਘ, ਅਜੈਬ ਸਿੰਘ, ਹਰਮੇਸ਼ ਸਿੰਘ, ਹਰੀ ਸਿੰਘ, ਸ਼ਮਿੰਦਰ ਸਿੰਘ ਅਤੇ ਰਣਧੀਰ ਸਿੰਘ ਨੇ ਦੱਸਿਆ ਕਿ ਉਹ ਗਮਾਡਾ\ਪੁੱਡਾ ਨੂੰ ਕਈ ਵਾਰ ਲਿਖਤੀ ਸ਼ਿਕਾਇਤਾਂ\ਮੰਗ ਪੱਤਰ ਦੇ ਚੁੱਕੇ ਹਨ ਪਰ ਹੁਣ ਤੱਕ ਜਲ ਨਿਕਾਸੀ ਦਾ ਢੁਕਵਾਂ ਪ੍ਰਬੰਧ ਨਹੀਂ ਕੀਤਾ ਗਿਆ। ਸਾਬਕਾ ਕੌਂਸਲਰ ਸੁਖਮਿੰਦਰ ਸਿੰਘ ਬਰਨਾਲਾ ਨੇ ਦੱਸਿਆ ਕਿ ਇੱਥੋਂ ਦੇ ਫੇਜ਼-11 ਵਿੱਚ ਸਾਬਕਾ ਸੀਨੀਅਰ ਡਿਪਟੀ ਮੇਅਰ ਦੇ ਵਾਰਡ ਦੀਆਂ ਸੜਕਾਂ ਨੇ ਤਲਾਬ ਦਾ ਰੂਪ ਧਾਰ ਲਿਆ। ਸੋਸ਼ਲ ਵਰਕਰ ਸੋਨੀਆ ਸੰਧੂ ਅਤੇ ਜਸਰਾਜ ਸਿੰਘ ਸੋਨੂੰ ਨੇ ਕਿਹਾ ਕਿ ਜੇਕਰ ਲਗਾਤਾਰ ਬਾਰਸ਼ ਹੋ ਜਾਵੇ ਤਾਂ ਲੋਕਾਂ ਦੇ ਘਰ ਡਿੱਗਣ ਦਾ ਪੂਰਾ ਖ਼ਦਸ਼ਾ ਹੈ।
ਅਕਾਲੀ ਦਲ ਦੇ ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰੋਡਾ ਨੇ ਦੱਸਿਆ ਕਿ ਸੈਕਟਰ-76 ਤੋਂ 80 ਤੇ ਹੋਰ ਨੇੜਲੇ ਇਲਾਕਿਆਂ ਵਿੱਚ ਮੀਂਹ ਦਾ ਪਾਣੀ ਇਕੱਠਾ ਹੋ ਗਿਆ। ਇੱਥੋਂ ਦੇ ਫੇਜ਼-3ਬੀ2 ਦੇ ਰਿਹਾਇਸ਼ੀ ਖੇਤਰ ਵਿੱਚ ਕਿਤੇ ਵੀ ਮੀਂਹ ਦਾ ਪਾਣੀ ਨਜ਼ਰ ਨਹੀਂ ਆਇਆ ਜਦੋਂਕਿ ਪਹਿਲਾਂ ਇਸ ਇਲਾਕੇ ਵਿੱਚ 4-5 ਫੁੱਟ ਪਾਣੀ ਜਮ੍ਹਾ ਹੋ ਜਾਂਦਾ ਸੀ। ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਵਰ੍ਹਦੇ ਮੀਂਹ ਵਿੱਚ ਮੌਕੇ ਦਾ ਜਾਇਜ਼ਾ ਲਿਆ ਅਤੇ ਤੁਰੰਤ ਮੋਟਰ ਚਾਲੂ ਕਰਵਾ ਕੇ ਨਾਲੋ ਨਾਲ ਮੀਂਹ ਦੇ ਪਾਣੀ ਨੂੰ ਬਾਹਰ ਕੱਢਿਆ ਗਿਆ।