ਬਹਾਦਰਜੀਤ ਸਿੰਘ
ਰੂਪਨਗਰ, 22 ਨਵੰਬਰ
ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਹ 2021 ਦੇ ਸਮਾਗਮਾਂ ਦੀ ਲੜੀ ਤਹਿਤ ਅੱਜ ਸਰਕਾਰੀ ਕਾਲਜ ਰੂਪਨਗਰ ਵਿੱਚ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੇਵਲ ਧਾਲੀਵਾਲ ਵੱਲੋਂ ਨਿਰਦੇਸ਼ਿਤ ਨਾਟਕ ‘ਹਿੰਦ ਦੀ ਚਾਦਰ’ ਖੇਡਿਆ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਸ਼੍ਰੋਮਣੀ ਫਿਲਮ ਅਦਾਕਾਰਾ ਨਿਰਮਲ ਰਿਸ਼ੀ ਨੇ ਸੰਬੋਧਨ ਕਰਦਿਆਂ ਭਾਸ਼ਾ ਵਿਭਾਗ ਨੂੰ ਬਹੁਤ ਵਧਾਈ ਦਿੱਤੀ ਅਤੇ ਵਿਭਾਗ ਵਲੋਂ ਕੀਤੇ ਜਾ ਰਹੇ ਮਾਂ ਬੋਲੀ ਲਈ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦਾ ਇਹ ਸਮਾਗਮ ‘ਹਿੰਦ ਦੀ ਚਾਦਰ’ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਸਿਰਫ਼ ਹਿੰਦੂਆਂ ਲਈ ਹੀ ਨਹੀਂ ਬਲਕਿ ਪੂਰੀ ਦੁਨੀਆ ਲਈ ਕੁਰਬਾਨੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸਿੱਖ ਇਕ ਜਾਗਦੀ ਕੌਮ ਹੈ ਜਿਸ ਦੀ ਮਿਸਾਲ ਕਿਸਾਨੀ ਮੋਰਚਾ ਹੈ ਜਿਥੇ ਸਿੱਖਾਂ ਨੇ ਅੱਗੇ ਹੋ ਕੇ ਪੂਰੇ ਦੇਸ਼ ਦੀ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਬਚਪਨ ਤੋਂ ਹੀ ਮਾਂ ਬੋਲੀ ਪੰਜਾਬੀ ਪ੍ਰਤੀ ਮੋਹ ਹੈ ਅਤੇ ਉਹ ਬਹੁਤ ਖੁਸ਼ਕਿਸਮਤ ਹਨ ਕਿ ਪੰਜਾਬੀ ਫਿਲਮਾਂ ਰਾਹੀਂ ਉਨ੍ਹਾਂ ਆਪਣੀ ਬੋਲੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਸਮਾਗਮ ਦੀ ਸ਼ੁਰੂਆਤ ਵਿਚ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਪਰਮਜੀਤ ਕੌਰ ਵੱਲੋਂ ਮਨਾਏ ਜਾ ਰਹੇ ਪੰਜਾਬੀ ਮਾਹ 2021 ਦੇ ਸਮਾਗਮਾਂ ਬਾਰੇ ਅਤੇ ਵਿਭਾਗ ਵਲੋਂ ਮਾਂ ਬੋਲੀ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਸਭ ਨੂੰ ਜਾਣੂ ਕਰਵਾਇਆ ਗਿਆ। ਵਿਸ਼ੇਸ਼ ਮਹਿਮਾਨ ਵਧੀਕ ਡਿਪਟੀ ਕਮਿਸ਼ਨਰ ਦਿਨੇਸ਼ ਵਸ਼ਿਸ਼ਟ ਨੇ ਆਪਣੇ ਭਾਸ਼ਣ ਵਿਚ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨਗੀ ਭਾਸ਼ਣ ਵਿੱਚ ਸ਼੍ਰੋਮਣੀ ਸਾਹਿਤਕਾਰ ਅਤੇ ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਡਾ. ਲਖਵਿੰਦਰ ਜੌਹਲ ਨੇ ਵਿਭਾਗ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅੰਗਰੇਜ਼ੀ ਭਾਸ਼ਾ ਨੂੰ ਸੰਪਰਕ ਭਾਸ਼ਾ ਦੇ ਤੌਰ ’ਤੇ ਵਰਤਣਾ ਚਾਹੀਦਾ ਹੈ ਪਰ ਮਾਂ ਬੋਲੀ ਲਈ ਹਮੇਸ਼ਾ ਕੰਮ ਕਰਦੇ ਰਹਿਣਾ ਚਾਹੀਦਾ ਹੈ।