ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 20 ਦਸੰਬਰ
ਪੰਜਾਬ ਸਰਕਾਰ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਚਮਕੌਰ ਸਾਹਿਬ ਦੇ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਮੌਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਚੱਪੜਚਿੜੀ ਤੱਕ ਦੀ ਲਹੂ ਭਿੱਜੀ ਬੀਰ ਗਾਥਾ ਨੂੰ ਦਰਸਾਉਂਦੇ ਤੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਮਹਾਂਨਾਟਕ ‘ਚਮਕੌਰ ਦੀ ਗੜ੍ਹੀ’ ਥੀਮ ਪਾਰਕ ਵਿਚ ਵਿਖਾਇਆ ਗਿਆ ਤੇ 21 ਦਸੰਬਰ ਦੀ ਸ਼ਾਮ ਨੂੰ ਵੀ ਇਹ ਨਾਟਕ ਦਿਖਾਇਆ ਜਾਵੇਗਾ। ਇਸੇ ਆਧਾਰਤ ਇਕ ਪ੍ਰਦਰਸ਼ਨੀ ਗੁਰਦੁਆਰਾ ਕਤਲਗੜ੍ਹ ਸਾਹਿਬ ਨੇੜੇ ਲਗਾਈ ਜਾ ਰਹੀ ਹੈ। ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਥੀਮ ਪਾਰਕ ਵਿੱਚ ਓਪਨ ਏਅਰ ਥੀਏਟਰ ਵਿਚ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਜੋੜ ਮੇਲ ਦੌਰਾਨ ਪਹੁੰਚਣ ਵਾਲੀਆਂ ਸਮੂਹ ਸੰਗਤ ਤੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਦਰਸਾਉਂਦੀ ਬੀਰ ਗਾਥਾ ਉੱਤੇ ਅਧਾਰਤ ਨਾਟਕ ‘ਚਮਕੌਰ ਦੀ ਗੜ੍ਹੀ’ ਨੂੰ ਵੇਖਣ ਲਈ ਜ਼ਰੂਰ ਆਉਣ।