ਚੰਡੀਗੜ੍ਹ: ਸੁਚੇਤਕ ਰੰਗਮੰਚ ਮੁਹਾਲੀ ਵਲੋਂ ਕਰਵਾਏ ਜਾ ਰਹੇ ਵਿਸ਼ਵ ਨਾਰੀ ਦਿਵਸ ਨਾਟ-ਉਤਸਵ ਦੇ ਦੂਜੇ ਦਿਨ ਸਾਰਥਕ ਰੰਗਮੰਚ ਸੁਚੇਤਕ ਸਕੂਲ ਆਫ਼ ਐਕਟਿੰਗ ਦੇ ਵਿਦਿਆਥੀਆਂ ਵੱਲੋਂ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਡਾ. ਗੁਰਮਿੰਦਰ ਸਿੱਧੂ ਦੀਆਂ ਕਵਿਤਾਵਾਂ ’ਤੇ ਆਧਾਰਤ ਨਾਟਕ ‘ਚਿੜੀ ਦੀ ਅੰਬਰ ਵੱਲ ਉਡਾਣ’ ਦਾ ਮੰਚਨ ਕੀਤਾ ਗਿਆ। ਇਸ ਨਾਟਕ ਦੀ ਸਕ੍ਰਿਪਟ ਸ਼ਬਦੀਸ਼ ਨੇ ਆਪਣੀਆਂ ਕਵਿਤਾਵਾਂ ਸ਼ਾਮਲ ਕਰਕੇ ਤਿਆਰ ਕੀਤੀ ਸੀ। ਇਸ ਵਿੱਚ ਕਲਾਕਾਰ ਜਸਪ੍ਰੀਤ ਕੌਰ, ਸਹਰ, ਮੀਨਾਕਸ਼ੀ, ਪ੍ਰੀਤ ਗਿੱਲ ਤੇ ਬਾਲ ਕਲਾਕਾਰ ਮਿਸ਼ਟੀ ਨੇ ਭੂਮਿਕਾ ਨਿਭਾਈ। ਇਸ ਦਿਨ ਦੀ ਦੂਜੀ ਪੇਸ਼ਕਾਰੀ ਯਾਂ ਪਾਲ ਸਾਰਤਰ ਦੇ ਨਾਟਕ ‘ਦੀ ਫਲਾਈਜ਼’ ਤੋਂ ਪ੍ਰੇਰਿਤ ਸੀ। ਇਸਨੂੰ ਮਰਹੂਮ ਨਾਟਕਕਾਰ ਗੁਰਸ਼ਰਨ ਸਿੰਘ ਭਾਈ ਮੰਨਾ ਨੇ ‘ਜਦੋਂ ਰੌਸ਼ਨੀ ਹੁੰਦੀ ਹੈ’ ਸਿਰਲੇਖ ਹੇਠ ਤਿਆਰ ਕੀਤਾ ਸੀ। ਨਾਟਕ ਵਿੱਚ ਹਰਜਾਪ, ਅਰਸ਼ ਸੰਧੂ, ਇਸ਼ਾਂਤ ਗਾਬ੍ਹਾ, ਸਹਰ, ਭਰਤ ਸ਼ਰਮਾ, ਪ੍ਰਦੀਪ ਮਲਕ, ਪ੍ਰੀਤ ਗਿੱਲ, ਸਾਗਰ ਸ਼ਰਮਾ ਤੇ ਬਾਲ ਕਲਾਕਰ ਸਿਦਕ ਨੇ ਭੂਮਿਕਾਵਾਂ ਨਿਭਾਈਆਂ। -ਸਾਹਿਤ ਪ੍ਰਤੀਨਿਧ