ਜਗਮੋਹਨ ਸਿੰਘ
ਘਨੌਲੀ, 16 ਫਰਵਰੀ
ਹਿਮਾਚਲ ਪ੍ਰਦੇਸ਼ ਦੇ ਪੈਟਰੋਲ ਪੰਪਾਂ ਤੋਂ ਪੰਜਾਬ ਨਾਲੋਂ ਸਸਤਾ ਤੇਲ ਮਿਲਣ ਕਾਰਨ ਪੰਜਾਬ ਦੇ ਵਾਹਨ ਚਾਲਕਾਂ ਦਾ ਹਿਮਾਚਲ ਪ੍ਰਦੇਸ਼ ਦੇ ਪੈਟਰੋਲ ਪੰਪਾਂ ਤੋਂ ਤੇਲ ਪਵਾਉਣ ਦਾ ਰੁਝਾਨ ਵਧਣ ਲੱਗ ਪਿਆ ਹੈ। ਪੰਜਾਬ ਦੇ ਗੁਆਂਢੀ ਸੂਬੇ ਅੰਦਰ ਤੇਲ ਦੀਆਂ ਕੀਮਤਾਂ ਵਿੱਚ ਵੱਡੇ ਫਰਕ ਦੀ ਸਭ ਤੋਂ ਵੱਡੀ ਮਾਰ ਜ਼ਿਲ੍ਹਾ ਰੂਪਨਗਰ ਦੇ ਪੈਟਰੋਲ ਪੰਪ ਮਾਲਕਾਂ ਨੂੰ ਪੈ ਰਹੀ ਹੈ, ਕਿਉਂਕਿ ਘਨੌਲੀ ਤੋਂ ਲੈ ਕੇ ਨੰਗਲ ਤੱਕ ਲੱਗੇ ਪਟਰੌਲ ਪੰਪਾਂ ਨੇੜੇ ਹੀ ਹਿਮਾਚਲ ਪ੍ਰਦੇਸ਼ ਦੇ ਪੰਪ ਹਨ। ਹਿਮਾਚਲ ਪ੍ਰਦੇਸ਼ ਵਿੱਚ ਪੰਜਾਬ ਨਾਲੋਂ ਡੀਜ਼ਲ 4 ਰੁਪਏ ਤੇ ਪੈਟਰੋਲ 6 ਰੁਪਏ ਸਸਤਾ ਮਿਲਦਾ ਹੈ। ਇਸ ਸਬੰਧੀ ਪਟਰੌਲੀਅਮ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਵ ਕੁਮਾਰ ਜਗੋਤਾ ਨੇ ਦੱਸਿਆ ਕਿ ਸਥਾਨਕ ਪੰਪਾਂ ਵਿੱਚ ਤੇਲ ਦੀ ਵਿਕਰੀ ਹੁਣ ਸਿਰਫ਼ 25 ਤੋਂ 30 ਫੀਸਦ ਹੀ ਰਹਿ ਗਈ ਹੈ ਤੇ ਉਨ੍ਹਾਂ ਕੋਲ ਜ਼ਿਆਦਾਤਰ ਗਾਹਕ ਉਧਾਰ ਖਾਤਿਆਂ ਵਾਲੇ ਹੀ ਆਉਂਦੇ ਹਨ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਪੈਟਰੋਲੀਅਮ ਪਦਾਰਥਾਂ ’ਤੇ ਟੈਕਸ ਘਟਾ ਕੇ ਪੰਜਾਬ ਅੰਦਰ ਵੀ ਡੀਜ਼ਲ ਤੇ ਪੈਟਰੋਲ ਤੇ ਟੈਕਸ ਗੁਆਂਢੀ ਸੂਬਿਆਂ ਦੇ ਬਰਾਬਰ ਕੀਤੇ ਜਾਣ। ਦੱਸਣਯੋਗ ਹੈ ਕਿ ਮੁਹਾਲੀ ਜ਼ਿਲ੍ਹੇ ਦਾ ਇੱਕ ਪੈਟਰੋਲ ਪੰਪ ਮਾਲਕ ਥੋੜ੍ਹਾ ਸਮਾਂ ਪਹਿਲਾਂ ਖੁਦਕਸ਼ੀ ਕਰ ਚੁੱਕਾ ਹੈ।