ਪੱਤਰ ਪੇ੍ਰਕ
ਮੁੱਲਾਂਪੁਰ ਗਰੀਬਦਾਸ, 5 ਜੁਲਾਈ
ਨਗਰ ਕੌਂਸਲ ਨਵਾਂ ਗਾਉਂ ਅਧੀਨ ਪੈਂਦੇ ਪਿੰਡ ਛੋਟੀ ਕਰੌਰ ਵਿਖੇ ਗੁਰਦੁਆਰੇ ਦੇ ਸਾਹਮਣੇ ਸੜਕ ਵਿੱਚ ਬਣਾਏ ਗਏ ਗੰਦੇ ਪਾਣੀ ਦੀ ਨਿਕਾਸੀ ਲਈ ਗਟਰਾਂ ਵਿੱਚੋਂ ਗੰਦਾ ਪਾਣੀ ਉਛਲ ਕੇ ਸੜਕ ਉਤੇ ਫੈਲ ਰਿਹਾ ਹੈ,ਜਿਸ ਕਰਕੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੇ ਦੱਸਿਆ ਕਿ ਜਦੋਂ ਬਾਰਸ਼ ਹੁੰਦੀ ਹੈ ਤਾਂ ਹੋਰ ਵੀ ਮੁਸੀਬਤ ਆਉਂਦੀ ਹੈ। ਜਾਣਕਾਰੀ ਅਨੁਸਾਰ ਜੋ ਗਟਰ ਬਣਾਏ ਗਏ ਹਨ ਉਨਾਂ ਉਪਰ ਢੱਕਣ ਗਾਇਬ ਹਨ। ਕਈ ਗਟਰਾਂ ਦੀ ਹਾਲਤ ਬਦਤਰ ਹੋਈ ਪਈ ਹੈ। ਦੋ ਪਹੀਆ ਵਾਹਨ,ਰੇਹੜੀਆਂ ਤੇ ਸਾਈਕਲਾਂ ਵਾਲੇ ਲੋਕ ਪਾਣੀ ਵਿੱਚ ਡੁੱਬੇ ਹੋਏ ਗਟਰਾਂ ਵਿੱਚੋਂ ਲੰਘਣ ਵੇਲੇ ਡਿੱਗਦੇ ਰਹਿੰਦੇ ਹਨ। ਲੋਕਾਂ ਦੇ ਘਰਾਂ, ਦੁਕਾਨਾਂ ਦਾ ਗੰਦਾ ਪਾਣੀ ਸੜਕ ਉਤੇ ਖੜ੍ਹ ਜਾਂਦਾ ਹੈ ਜਦੋਂ ਕੋਈ ਕਾਰ, ਟਰੱਕ, ਬੱਸ ਇਸ ਪਾਣੀ ਵਿੱਚੋਂ ਲੰਘਦੀ ਹੈ ਤਾਂ ਵਾਹਨਾਂ ਦੇ ਟਾਇਰਾਂ ਨਾਲ ਗੰਦਾ ਪਾਣੀ ਟਕਰਾ ਕੇ ਸੜਕ ਕਿਨਾਰੇ ਬਣੀਆਂ ਦੁਕਾਨਾਂ ਵਿੱਚ ਖੜੇ ਗ੍ਰਾਹਕਾਂ ਜਾਂ ਰਾਹਗੀਰਾਂ ਦੇ ਕੱਪੜੇ ਲਿਬੇੜ ਦਿੰਦਾ ਹੈ, ਇਸੇ ਦੌਰਾਨ ਲੋਕਾਂ ਵਿੱਚ ਨੌਬਤ ਲੜਾਈ ਤੱਕ ਪਹੁੰਚ ਜਾਂਦੀ ਹੈ। ਬਲਜੀਤ ਸਿੰਘ ਖਾਲਸਾ, ਗੁਰਵਿੰਦਰ ਸਿੰਘ,ਜੋਗਿੰਦਰ ਸਿੰਘ,ਸੀਮਾ, ਜੀਤ ਕੌਰ ਆਦਿ ਨੇ ਨੱਗਰ ਕੌਂਸਲ ਦੇ ਉਚ ਅਧਿਕਾਰੀਆਂ ਅਤੇ ਹਲਕਾ ਖਰੜ ਤੋਂ ਬਣੇ ਕੈਬਨਿਟ ਮੰਤਰੀ ਬੀਬੀ ਅਨਮੋਲ ਗਗਨਮਾਨ ਕੋਲੋਂ ਮੰਗ ਕੀਤੀ ਹੈ ਕਿ ਨਵਾਂ ਗਾਉਂ ਦੀ ਛੋਟੀ ਕਰੌਰਾਂ ਸਮੇਤ ਜਨਤਾ ਕਲੋਨੀ, ਸਿੰਘਾ ਦੇਵੀ ਕਲੋਨੀ, ਗੋਬਿੰਦ ਨਗਰ ਤੇ ਨਾਡਾ ਰੋਡ ਉਤੇ ਸੜਕਾਂ ਉਤੇ ਮੇਲਦੇ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਪਹਿਲ ਦੇ ਆਧਾਰ ਉਤੇ ਕਰਵਾਇਆ ਜਾਵੇ। ਦੂਜੇ ਪਾਸੇ ਨਗਰ ਕੌਂਸਲ ਦੇ ਸਬੰਧਤ ਅਫਸਰ ਨੇ ਆਪਣਾ ਫੋਨ ਚੁੱਕਣਾ ਵੀ ਮੁਨਾਸਿਬ ਨਾ ਸਮਝਿਆ।