ਕਰਮਜੀਤ ਸਿੰਘ ਚਿੱਲਾ
ਬਨੂੜ, 10 ਜੁਲਾਈ
ਬਨੂੜ-ਲਾਂਡਰਾਂ ਮਾਰਗ ਤੋਂ ਫੌਜੀ ਕਲੋਨੀ ਨੇੜਿਉਂ ਸ਼ਹਿਰ ਦੇ ਨੇੜੇ ਨੂੰ ਲੰਘਦੀ ਬਰਸਾਤੀ ਚੋਈ ਦਾ ਬਨੂੜ ਕੋਲੋਂ ਬੰਨ ਟੁੱਟਣ ਨਾਲ ਸ਼ਹਿਰ ਦੇ ਇੱਕ, ਵਾਰਡ ਦਸ, ਗਿਆਰਾਂ, ਬਾਰਾਂ, ਅਤੇ ਤੇਰਾਂ ਤੋਂ ਇਲਾਵਾ ਬਾਜ਼ੀਗਰ ਕਲੋਨੀਆਂ, ਮੀਰਾ ਸ਼ਾਹ ਕਲੋਨੀ ਵਿੱਚ ਦੋ ਤੋਂ ਤਿੰਨ ਫੁੱਟ ਪਾਣੀ ਭਰ ਗਿਆ। ਵੱਡੀ ਮਾਤਰੀ ਵਿੱਚ ਲੋਕਾਂ ਦਾ ਘਰੇਲੂ ਸਾਮਾਨ ਨੁਕਸਾਨਿਆ ਗਿਆ। ਗਲੀਆਂ ਤੇ ਘਰਾਂ ਵਿੱਚ ਭਰੇ ਪਾਣੀ ਦੇ ਨਿਕਾਸ ਲਈ ਲੋਕਾਂ ਨੇ ਕਈ ਥਾਂਵਾਂ ਉੱਤੋਂ ਸੜਕਾਂ ਅਤੇ ਪੁਲੀਆਂ ਨੂੰ ਪੁੱਟ ਦਿੱਤਾ। ਲੋਕੀ ਆਪਣੇ ਘਰਾਂ ਵਿੱਚ ਪਾਣੀ ਨੂੰ ਵੜਨੋਂ ਰੋਕਣ ਲਈ ਤਰ੍ਹਾਂ-ਤਰ੍ਹਾਂ ਦੇ ਤਰੱਦਦ ਕਰਦੇ ਵੇਖੇ ਗਏ। ਐੱਮਸੀ ਰੋਡ ਦੀਆਂ ਦੁਕਾਨਾਂ ਵਿੱਚ ਤਾਜ਼ਾ ਮੀਂਹ ਨਾਲ ਅੱਜ ਫੇਰ ਪਾਣੀ ਵੜ੍ਹ ਗਿਆ। ਮੁੱਢਲਾ ਸਿਹਤ ਕੇਂਦਰ ਕਾਲੋਮਾਜਰਾ ਵਿੱਚ ਵੀ ਪਾਣੀ ਭਰ ਗਿਆ।
ਬਨੂੜ, ਮੋਹੀ ਕਲਾਂ, ਖੇੜਾ ਗੱਜੂ ਆਦਿ ਗਰਿੱਡਾਂ ਵਿੱਚ ਅੱਜ ਪਾਣੀ ਹੋਰ ਵੀ ਜ਼ਿਆਦਾ ਭਰ ਗਿਆ, ਜਿਸ ਕਾਰਨ ਦੂਜੇ ਦਿਨ ਵੀ ਬਹੁਤੇ ਪਿੰਡਾਂ ਤੇ ਸ਼ਹਿਰ ਦੀ ਬਿਜਲੀ ਸਪਲਾਈ ਬਹਾਲ ਨਾ ਹੋ ਸਕੀ। ਬਿਜਲੀ ਨਾ ਆਉਣ ਕਾਰਨ ਪੀਣ ਵਾਲੇ ਪਾਣੀ ਦੀ ਵੀ ਲੋਕਾਂ ਨੂੰ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਨੂੜ ਦੇ ਵਾਰਡ ਨੰਬਰ ਦਸ ਦੀ ਬੰਦਾ ਸਿੰਘ ਬਹਾਦਰ ਕਲੋਨੀ ਵਿੱਚ ਪਾਣੀ ਦੀ ਚੋਖੀ ਮਾਰ ਵੇਖੀ ਗਈ। ਅਨਾਜ ਮੰਡੀ ਵਿੱਚ ਬਣੇ ਹੋਏ ਐੱਫ਼ਸੀਆਈ ਤੇ ਮਾਰਕਫੈੱਡ ਦੇ ਗੋਦਾਮਾਂ ਵਿੱਚ ਪਾਣੀ ਭਰ ਗਿਆ, ਜਿਸ ਨਾਲ ਇੱਥੇ ਪਈ ਕਣਕ ਵੀ ਨੁਕਸਾਨੀ ਗਈ। ਪਿੰਡ ਕਲੌਲੀ, ਹੁਲਕਾ, ਕਰਾਲਾ, ਬਸੀਈਸੇ ਖਾਂ, ਅਬਰਾਵਾਂ, ਧਰਮਗੜ੍ਹ ਆਦਿ ਦੇ ਦਰਜਨਾਂ ਨੀਵੇਂ ਘਰਾਂ ਵਿੱਚ ਪਾਣੀ ਭਰ ਗਿਆ। ਬਨੂੜ ਦੀ ਸ਼ਰਾਬ ਫੈਕਟਰੀ ਫੈਕਟਰੀ ਦੇ ਬੁਲਾਰੇ ਹਾਕਮ ਸਿੰਘ ਅਨੁਸਾਰ ਫੈਕਟਰੀ ਦੀ ਸਮੁੱਚੀ ਮਸ਼ੀਨਰੀ, ਸ਼ਰਾਬ ਦੇ ਗੋਦਾਮ ਅਤੇ ਹੋਰ ਵਸਤਾਂ ਪਾਣੀ ਵਿੱਚ ਡੁੱਬੀਆਂ ਹੋਈਆਂ ਹਨ।ਉਨ੍ਹਾਂ ਕਿਹਾ ਕਿ ਅਗਲੇ ਇੱਕ ਹਫ਼ਤੇ ਦੌਰਾਨ ਫੈਕਟਰੀ ਦਾ ਚੱਲਣਾ ਮੁਸ਼ਕਿਲ ਹੈ।
ਪੰਜਾਬ ਸਰਕਾਰ ਦੇ ਦੁਰਪ੍ਰਬੰਧਾਂ ਕਾਰਨ ਬਣੀ ਹੜ੍ਹਾਂ ਵਰਗੀ ਸਥਿਤੀ: ਪ੍ਰਨੀਤ ਕੌਰ
ਪਟਿਆਲਾ ਤੋਂ ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਨੇ ਅੱਜ ਬਾਅਦ ਦੁਪਹਿਰ ਐੱਸਵਾਈਐੱਲ ਨਹਿਰ ਦੇ ਚਿਤਕਾਰਾ ਯੂਨੀਵਰਸਿਟੀ ਨੇੜੇ ਪਏ ਪਾੜ ਦਾ ਨਿਰੀਖ਼ਣ ਕੀਤਾ। ਇਸ ਮੌਕੇ ਉਨ੍ਹਾਂ ਸਥਾਨਿਕ ਲੋਕਾਂ ਕੋਲੋਂ ਸਮੁੱਚੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਗਾਊਂ ਪ੍ਰਬੰਧ ਨਾ ਕੀਤੇ ਜਾਣ ਕਾਰਨ ਲੋਕਾਂ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਮੁੱਖ ਮੰਤਰੀ ਤੋਂ ਪ੍ਰਭਾਵਿਤ ਲੋਕਾਂ, ਕਿਸਾਨਾਂ, ਸੰਸਥਾਵਾਂ ਨੂੰ ਤੁਰੰਤ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ।
ਤਿੰਨ ਪਿੰਡਾਂ ਦੇ ਸੈਂਕੜੇ ਵਸਨੀਕਾਂ ਨੇ ਖੁਦ ਹੀ ਸਾਂਭਿਆ ਮੌਕਾ
ਇਸ ਖੇਤਰ ਵਿੱਚੋਂ ਲੰਘਦੇ ਘੱਗਰ ਦਰਿਆ ਦੇ ਕੰਢਿਆਂ ਉੱਤੇ ਵਸੇ ਪਿੰਡ ਝੱਜੋਂ, ਬੁੱਢਣਪੁਰ ਅਤੇ ਬਾਸਮਾਂ ਦੇ ਵਸਨੀਕਾਂ ਵਿੱਚ ਸ਼ਾਮ ਸਮੇਂ ਉਦੋਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਘੱਗਰ ਦਰਿਆ ਦੇ ਪਾਣੀ ਦੇ ਤੇਜ਼ ਵਹਾਅ ਨੇ ਝੱਜੋਂ ਵਿਖੇ ਘੱਗਰ ਦੇ ਬੰਨ੍ਹ ਵਿੱਚ ਓਵਰ ਫ਼ਲੋ ਹੋਣ ਉਪਰੰਤ ਪਾੜ ਪਾ ਦਿੱਤਾ। ਵੇਖਦਿਆਂ ਹੀ ਵੇਖਦਿਆਂ ਮਿੰਟਾਂ ਵਿੱਚ ਪਾਣੀ ਦੇ ਇਸ ਵਹਾਅ ਨੇ ਪਾੜ ਨੂੰ ਚੌੜਾ ਤੇ ਡੂੰਘਾ ਕਰਨਾ ਆਰੰਭ ਕਰ ਦਿੱਤਾ ਅਤੇ ਘੱਗਰ ਦਾ ਪਾਣੀ ਪਿੰਡ ਬਾਸਮਾਂ ਵੱਲ ਜਾਣ ਲੱਗ ਪਿਆ। ਤਿੰਨੋਂ ਪਿੰਡਾਂ ਵਿੱਚ ਤੁਰੰਤ ਅਨਾਊਂਸਮੈਂਟਾਂ ਹੋਈਆਂ ਤੇ ਤਿੰਨੋਂ ਪਿੰਡਾਂ ਦੇ ਢਾਈ ਸੌ ਤੋਂ ਵੱਧ ਨੌਜਵਾਨ ਅਤੇ ਪਿੰਡ ਵਾਸੀ ਪ੍ਰਸ਼ਾਸਨ ਦੀ ਉਮੀਦ ਛੱਡ ਕੇ ਤੁਰੰਤ ਟਰੈਕਟਰ-ਟਰਾਲੀਆਂ ਅਤੇ ਖਾਲੀ ਥੈਲੇ ਲੈ ਕੇ ਮੌਕੇ ’ਤੇ ਪਹੁੰਚ ਗਏ। ਥਾਣਾ ਬਨੂੜ ਦੀ ਪੁਲੀਸ ਵੀ ਲੋਕਾਂ ਦੀ ਮੱਦਦ ਲਈ ਮੌਕੇ ’ਤੇ ਪਹੁੰਚੀ।